ਜਦੋਂ ਨਸ਼ੇ ਵਿਚ ਟੱਲੀ ਸਾਬਕਾ ਫ਼ੌਜੀ ਬਣਿਆ ਅਪਣੀ ਹੀ ਧੀ ਲਈ ਦਰਿੰਦਾ
ਦੀਨਦਿਆਲ ਨਗਰ ਵਿਚ ਸੋਮਵਾਰ ਰਾਤ ਨੂੰ ਨਸ਼ੇ ਵਿਚ ਟੱਲੀ ਹੋ ਕੇ ਰਾਜਾਵਤ ਨੇ ਅਪਣੀ ਹੀ ਲੜਕੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ।
ਨਵੀਂ ਦਿੱਲੀ: ਗਵਾਲੀਅਰ ਪੁਲਿਸ ਨੇ ਨਸ਼ੇ ਵਿਚ ਟੱਲੀ ਇਕ ਸੇਵਾ-ਮੁਕਤ ਫੌਜੀ ਨੂੰ ਅਪਣੀ 19 ਸਾਲਾ ਲੜਕੀ ਨਾਲ ਕਥਿਤ ਬਲਾਤਕਾਰ ਕਰਨ ਦੀ ਕੋਸ਼ਿਸ਼ ਅਤੇ ਨਾਕਾਮ ਰਹਿਣ ‘ਤੇ ਬੰਦੂਕ ਨਾਲ ਗੋਲੀ ਮਾਰ ਕੇ ਲੜਕੀ ਦੀ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ਵਿਚ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਿਰ ‘ਤੇ ਗੋਲੀ ਲੱਗਣ ਕਾਰਨ ਜ਼ਖ਼ਮੀ ਲੜਕੀ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਮਹਾਰਾਜਪੁਰਾ ਇਲਾਕੇ ਦੇ ਨਗਰ ਪੁਲਿਸ ਸੁਪਰਡੈਂਟ ਰਵਿ ਭਦੌਰੀਆ ਨੇ ਦੱਸਿਆ ਕਿ ਸੇਵਾ-ਮੁਕਤ ਫੌਜੀ ਰਾਜੇਸ਼ ਰਾਜਾਵਤ (46) ਨੂੰ ਧਾਰਾ 307 ਅਤੇ ਧਾਰਾ 354 ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਲੜਕੀ ਦੇ ਪਿਤਾ ਦੀ ਬੰਦੂਕ ਵੀ ਬਰਾਮਦ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਉਹਨਾਂ ਨੇ ਦੱਸਿਆ ਕਿ ਦੀਨਦਿਆਲ ਨਗਰ ਵਿਚ ਸੋਮਵਾਰ ਰਾਤ ਨੂੰ ਨਸ਼ੇ ਵਿਚ ਟੱਲੀ ਹੋ ਕੇ ਰਾਜਾਵਤ ਨੇ ਅਪਣੀ ਹੀ ਲੜਕੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਲੜਕੀ ਅਤੇ ਉਸ ਦੀ ਮਾਂ ਦੇ ਵਿਰੋਧ ਕਰਨ ‘ਤੇ ਰਾਜਾਵਤ ਨੇ ਬੰਦੂਕ ਨਾਲ ਦੋਵਾਂ ‘ਤੇ ਹਮਲਾ ਕਰ ਦਿੱਤਾ।
ਸਿਰ ਵਿਚ ਗੋਲੀ ਲੱਗਣ ਨਾਲ ਲੜਕੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ ਜਦਕਿ ਦੂਜੀ ਗੋਲੀ ਲੜਕੀ ਦੀ ਮਾਂ ਦੇ ਕੋਲੋਂ ਨਿਕਲ ਗਈ। ਭਦੌਰੀਆ ਨੇ ਦੱਸਿਆ ਕਿ ਗੋਲੀ ਚੱਲਣ ਦੀ ਅਵਾਜ਼ ਸੁਣ ਕੇ ਗੁਆਂਢੀਆਂ ਨੇ ਪੁਲਿਸ ਨੂੰ ਖ਼ਬਰ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਥਿਤ ਦੋਸ਼ੀ ਨੂੰ ਬੰਦੂਕ ਸਮੇਤ ਗ੍ਰਿਫ਼ਤਾਰ ਕਰ ਲਿਆ। ਉਹਨਾਂ ਨੇ ਦੱਸਿਆ ਕਿ ਜ਼ਖ਼ਮੀ ਲੜਕੀ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ। ਪੁਲਿਸ ਨੇ ਲੜਕੀ ਦੇ ਪਿਤਾ ਵਿਰੁੱਧ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।