ਰੋਹਿੰਗਿਆ ਬੱਚਿਆਂ ਲਈ ਬੰਗਲਾਦੇਸ਼ 'ਚ ਸਕੂਲਾਂ ਦੇ ਦਰਵਾਜ਼ੇ ਬੰਦ
ਪੰਜ ਲੱਖ ਰੋਹਿੰਗਿਆ ਬੱਚਿਆਂ ਨੂੰ ਰਹਿਣਾ ਪੈ ਰਿਹੈ ਪੜ੍ਹਾਈ ਤੋਂ ਵਾਂਝੇ
ਬੰਗਲਾਦੇਸ਼- ਰੋਹਿੰਗਿਆ ਮੁਸਲਿਮਾਂ ਦੀਆਂ ਮੁਸੀਬਤਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਭਾਵੇਂ ਕਿ ਖ਼ਾਲਸਾ ਏਡ ਵਰਗੀਆਂ ਸੰਸਥਾਵਾਂ ਰੋਹਿੰਗਿਆ ਮੁਸਲਿਮਾਂ ਦੀ ਮਦਦ ਕਰ ਰਹੀਆਂ ਹਨ ਪਰ ਹੁਣ ਵੱਡੀ ਸਮੱਸਿਆ ਇਹ ਹੈ ਕਿ ਕਰੀਬ ਪੰਜ ਲੱਖ ਰੋਹਿੰਗਿਆ ਬੱਚਿਆਂ ਨੂੰ ਬੰਗਲਾਦੇਸ਼ ਦੇ ਸਥਾਨਕ ਸਕੂਲਾਂ ਵਿਚ ਪੜ੍ਹਾਈ ਤੋਂ ਵਾਂਝੇ ਹੋਣਾ ਪਿਆ ਹੈ। ਜਿਸ ਕਾਰਨ ਇਨ੍ਹਾਂ ਵਿਚੋਂ ਕਈ ਬੱਚਿਆਂ ਨੂੰ ਪੜ੍ਹਨ ਲਈ ਹੁਣ ਮਦੱਰਸਿਆਂ ਦਾ ਰੁਖ਼ ਕਰਨਾ ਪੈ ਰਿਹਾ ਹੈ। ਇਸ ਨੂੰ ਲੈ ਕੇ ਕੁੱਝ ਆਲੋਚਕਾਂ ਦਾ ਕਹਿਣਾ ਹੈ ਕਿ ਮਦੱਰਸਿਆਂ ਵਿਚ ਸਿੱਖਿਆ ਦਾ ਮਿਆਰ ਜ਼ਿਆਦਾ ਚੰਗਾ ਨਹੀਂ ਹੈ।
ਇਸ ਤੋਂ ਇਲਾਵਾ ਉਥੇ ਇਨ੍ਹਾਂ ਵਿਦਿਆਰਥੀਆਂ ਵਿਚ ਕੱਟੜਪੰਥੀ ਭਾਵਨਾਵਾਂ ਵੀ ਪੈਦਾ ਹੋ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਸਾਲ 2017 ਵਿਚ ਮਿਆਂਮਾਰ ਦੀ ਫ਼ੌਜ ਵੱਲੋਂ ਕੀਤੀ ਗਈ ਦਮਨਕਾਰੀ ਕਾਰਵਾਈ ਕਾਰਨ ਕਰੀਬ 7 ਲੱਖ 40 ਹਜ਼ਾਰ ਰੋਹਿੰਗਿਆ ਮੁਸਲਿਮਾਂ ਨੂੰ ਭੱਜ ਕੇ ਬੰਗਲਾਦੇਸ਼ ਵਿਚ ਪਨਾਹ ਲੈਣੀ ਪਈ ਸੀ। ਇਸ ਨਾਲ ਬੰਗਲਾਦੇਸ਼ ਵਿਚ ਰੋਹਿੰਗਿਆ ਮੁਸਲਮਾਨਾਂ ਦੀ ਗਿਣਤੀ ਵਿਚ ਕਰੀਬ 10 ਲੱਖ ਤੱਕ ਵਾਧਾ ਹੋਇਆ।
ਭਾਵੇਂ ਕਿ ਰੋਹਿੰਗਿਆ ਮੁਸਲਮਾਨਾਂ ਦੀ ਭਾਸ਼ਾ ਅਤੇ ਸੱਭਿਆਚਾਰ ਦੱਖਣ-ਪੂਰਬੀ ਬੰਗਲਾਦੇਸ਼ ਦੇ ਲੋਕਾਂ ਨਾਲ ਮਿਲਦਾ ਜੁਲਦਾ ਹੈ ਪਰ ਉਥੋਂ ਦੇ ਅਧਿਕਾਰੀ ਰੋਹਿੰਗਿਆ ਮੁਸਲਿਮਾਂ ਨੂੰ ਅਸਥਾਈ ਮਹਿਮਾਨ ਮੰਨਦੇ ਹਨ ਹੋਰ ਤਾਂ ਹੋਰ ਉਨ੍ਹਾਂ ਦੇ ਬੱਚਿਆਂ ਨੂੰ ਸਥਾਨਕ ਸਕੂਲਾਂ ਵਿਚ ਦਾਖ਼ਲਾ ਵੀ ਨਹੀਂ ਦਿੱਤਾ ਜਾਂਦਾ। ਜਿਸ ਨਾਲ ਪੂਰੀ ਪੀੜ੍ਹੀ ਦੇ ਅਨਪੜ੍ਹ ਰਹਿਣ ਦਾ ਵੱਡਾ ਖ਼ਦਸ਼ਾ ਪੈਦਾ ਹੋ ਗਿਆ ਹੈ। ਉਂਝ ਕੁੱਝ ਥਾਵਾਂ 'ਤੇ ਕਈ ਰੋਹਿੰਗਿਆ ਬੱਚੇ ਇਸ ਸਾਲ ਦੀ ਸ਼ੁਰੂਆਤ ਦੌਰਾਨ ਸਕੂਲਾਂ ਵਿਚ ਪੜ੍ਹਨ ਲੱਗ ਗਏ ਸਨ।
ਪਰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸਰਕਾਰ ਨੇ ਸਖ਼ਤੀ ਕਰਦਿਆਂ ਸਕੂਲਾਂ ਵਿਚੋਂ ਰੋਹਿੰਗਿਆ ਮੁਸਲਿਮਾਂ ਦੇ ਬੱਚਿਆਂ ਨੂੰ ਕੱਢਣ ਦਾ ਆਦੇਸ਼ ਜਾਰੀ ਕਰ ਦਿੱਤਾ। ਜਿਸ ਕਾਰਨ ਰੋਹਿੰਗਿਆ ਬੱਚਿਆਂ ਦੀਆਂ ਮੁਸ਼ਕਲਾਂ ਵੱਧ ਗਈਆਂ। ਇਸ ਸਰਕਾਰੀ ਫ਼ੁਰਮਾਨ ਦੇ ਚਲਦਿਆਂ ਅੱਜ ਲੱਖਾਂ ਦੀ ਗਿਣਤੀ ਵਿਚ ਰੋਹਿੰਗਿਆ ਬੱਚੇ ਸਕੂਲਾਂ ਤੋਂ ਵਾਂਝੇ ਬੈਠੇ ਹਨ ਅਤੇ ਉਨ੍ਹਾਂ ਕੋਲ ਅਪਣੇ ਮਾਂ-ਬਾਪ ਦੇ ਕੰਮ ਵਿਚ ਹੱਥ ਵਟਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ।