ਐਕਸ਼ਨ ਵਿਚ ਭਾਰਤੀ ਹਵਾਈ ਫੌਜ ਮੁਖੀ, ਲਦਾਖ-ਕਸ਼ਮੀਰ ਵਿਚ ਲਿਆ ਤਿਆਰੀਆਂ ਦਾ ਜਾਇਜ਼ਾ
ਚੀਨੀ ਫੌਜ ਦੀ ਹਰਕਤ ‘ਤੇ ਨਜ਼ਰ ਰੱਖਣ ਲਈ ਤਿੰਨੇ ਫੌਜਾਂ ਨੇ ਅਪਣੀ ਤਾਇਨਾਤੀ ਵਧਾ ਦਿੱਤੀ ਹੈ।
ਨਵੀਂ ਦਿੱਲੀ: ਚੀਨੀ ਫੌਜ ਦੀ ਹਰਕਤ ‘ਤੇ ਨਜ਼ਰ ਰੱਖਣ ਲਈ ਤਿੰਨੇ ਫੌਜਾਂ ਨੇ ਅਪਣੀ ਤਾਇਨਾਤੀ ਵਧਾ ਦਿੱਤੀ ਹੈ। ਫੌਜ ਨੇ ਪੂਰੇ ਐਲਏਸੀ ‘ਤੇ ਫੌਜੀਆਂ ਦੀ ਗਿਣਤੀ ਵਧਾ ਦਿੱਤੀ ਹੈ। ਹਵਾਈ ਫੌਜ ਦੇ ਸਾਰੇ ਬੇਸ ਅਲਰਟ ‘ਤੇ ਹਨ ਅਤੇ ਲੜਾਕੂ ਜਹਾਜ਼ ਟੇਕ ਆਫ ਕਰ ਰਹੇ ਹਨ। ਉੱਥੇ ਹੀ ਇੰਡੀਅਨ ਨੇਵੀ ਦੇ ਟੋਹੀ ਜਹਾਜ਼ ਜ਼ਰੀਏ ਸਮੁੰਦਰ ਵਿਚ ਲਗਾਤਾਰ ਚੀਨੀ ਜਹਾਜ਼ਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ।
ਇਸੇ ਦੌਰਾਨ ਬੁੱਧਵਾਰ ਰਾਤ ਨੂੰ ਹਵਾਈ ਫੌਜ ਮੁਖੀ ਰਾਕੇਸ਼ ਕੁਮਾਰ ਸਿੰਘ ਭਦੌਰੀਆ ਨੇ ਲੇਹ ਅਤੇ ਸ੍ਰੀਨਗਰ ਏਅਰ ਬੇਸ ਦਾ ਦੌਰਾ ਕੀਤਾ। ਉਹਨਾਂ ਨੇ ਲਦਾਖ ਅਤੇ ਕਸ਼ਮੀਰ ਵਿਚ ਤਿਆਰੀਆਂ ਦਾ ਜਾਇਜ਼ਾ ਲਿਆ। ਚੀਨ ਦੇ ਨਾਲ ਜਾਰੀ ਵਿਵਾਦ ਵਿਚ ਬਾਰਡਰ ਦੇ ਕੋਲ ਲੇਹ ਅਤੇ ਸ੍ਰੀਨਗਰ ਏਅਰਬੇਸ ਕਾਫੀ ਅਹਿਮ ਹੈ। ਅਜਿਹੇ ਵਿਚ ਹਵਾਈ ਫੌਜ ਮੁਖੀ ਦਾ ਇਹ ਦੌਰਾ ਕਾਫੀ ਅਹਿਮ ਹੈ।
ਸਰਕਾਰ ਦੇ ਸੂਤਰਾਂ ਮੁਤਾਬਕ, ‘ਏਅਰ ਫੋਰਸ ਮੁਖੀ ਦੋ ਦਿਨ ਦੇ ਦੌਰੇ ‘ਤੇ ਸੀ। ਪੂਰਬੀ ਲਦਾਖ ਵਿਚ ਚੀਨ ਨੇ 10 ਹਜ਼ਾਰ ਫੌਜੀਆਂ ਦੀ ਤਾਇਨਾਤੀ ਕੀਤੀ ਹੈ। ਇਸ ਦੇ ਮੱਦੇਨਜ਼ਰ ਉਹਨਾਂ ਨੇ ਐਲਏਸੀ ‘ਤੇ ਜਾਰੀ ਤਣਾਅ ਨੂੰ ਧਿਆਨ ਵਿਚ ਰੱਖਦੇ ਹੋਏ ਓਪਰੇਸ਼ਨਲ ਤਿਆਰੀਆਂ ਦਾ ਜਾਇਜ਼ਾ ਲਿਆ’।
ਦੱਸ ਦਈਏ ਕਿ ਸਰਹੱਦ ‘ਤੇ ਚੀਨੀ ਅਤੇ ਭਾਰਤੀ ਫੌਜੀਆਂ ਵਿਚਾਲੇ ਹੋਈ ਹਿੰਸਕ ਝੜਪ ਨੂੰ ਲੈ ਕੇ ਦੇਸ਼ ਵਿਚ ਗੁੱਸੇ ਦਾ ਮਾਹੌਲ ਹੈ, ਹਰ ਕੋਈ ਚੀਨ ਖਿਲਾਫ ਨਾਅਰੇਬਾਜ਼ੀ ਕਰ ਰਿਹਾ ਹੈ। 15 ਜੂਨ ਦੀ ਰਾਤ ਨੂੰ ਭਾਰਤੀ ਫੌਜ ਦਾ ਇਕ ਦਲ ਲਦਾਖ ਵਿਚ ਗਲਵਾਨ ਘਾਟੀ ਦੇ ਪੈਟ੍ਰੋਲਿੰਗ ਪੁਆਇੰਟ-14 ‘ਤੇ ਚੀਨੀ ਫੌਜ ਨਾਲ ਗੱਲਬਾਤ ਕਰਨ ਗਿਆ ਸੀ।
ਇਸ ਦੌਰਾਨ ਚੀਨੀ ਫੌਜੀਆਂ ਨੇ ਭਾਰਤੀ ਫੌਜ ਦੇ ਦਲ ‘ਤੇ ਹਮਲਾ ਕਰ ਦਿੱਤਾ। ਇਸ ਹਿੰਸਕ ਝੜਪ ਵਿਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ, ਜਦਕਿ ਚੀਨ ਨੂੰ ਵੀ ਭਾਰੀ ਨੁਕਸਾਨ ਹੋਇਆ ਸੀ।ਇਸ ਤੋਂ ਬਾਅਦ ਹੁਣ ਭਾਰਤ ਸਰਕਾਰ ਵੱਲੋਂ ਚੀਨ ਨੂੰ ਕਰਾਰਾ ਜਵਾਬ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਚਲਦਿਆਂ ਭਾਰਤੀ ਫੌਜ ਵੱਲੋਂ ਚੀਨ ਦੀ ਹਰ ਹਰਕਤ 'ਤੇ ਨਜ਼ਰ ਰੱਖੀ ਜਾ ਰਹੀ ਹੈ।