ਸਰਹੱਦ ‘ਤੇ ਤਣਾਅ ਦੇ ਚਲਦਿਆਂ ਰੱਖਿਆ ਮੰਤਰੀ ਜਾਣਗੇ ਮਾਸਕੋ, ਚੀਨੀ ਨੇਤਾਵਾਂ ਨਾਲ ਨਹੀਂ ਕਰਨਗੇ ਮੁਲਾਕਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਰੱਖਿਆ ਮੰਤਰੀ ਰਾਜਨਾਥ ਸਿੰਘ ਰੂਸ ਦੀ ਯਾਤਰਾ ‘ਤੇ ਜਾ ਰਹੇ ਹਨ ਪਰ ਉਹ ਇਸ ਯਾਤਰਾ ਦੌਰਾਨ ਚੀਨੀ ਨੇਤਾਵਾਂ ਨਾਲ ਮੁਲਾਕਾਤ ਨਹੀਂ ਕਰਨਗੇ।

Rajnath Singh to visit Russia next week

ਨਵੀਂ ਦਿੱਲੀ: ਲੱਦਾਖ ਵਿਚ ਸਰਹੱਦ ‘ਤੇ ਚੀਨੀ ਅਤੇ ਭਾਰਤੀ ਫੌਜੀਆਂ ਵਿਚਕਾਰ ਹੋਈ ਝੜਪ ਤੋਂ ਬਾਅਦ ਪੈਦਾ ਹੋਏ ਤਣਾਅ ਦੇ ਚਲਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਰੂਸ ਦੀ ਯਾਤਰਾ ‘ਤੇ ਜਾ ਰਹੇ ਹਨ ਪਰ ਉਹ ਇਸ ਯਾਤਰਾ ਦੌਰਾਨ ਚੀਨੀ ਨੇਤਾਵਾਂ ਨਾਲ ਮੁਲਾਕਾਤ ਨਹੀਂ ਕਰਨਗੇ। ਰਾਜਨਾਥ ਸਿੰਘ 22 ਜੂਨ ਨੂੰ ਰੂਸ ਲਈ ਰਵਾਨਾ ਹੋਣਗੇ।

ਰੱਖਿਆ ਮੰਤਰੀ ਰਾਜਨਾਥ ਸਿੰਘ ਨਾਜ਼ੀ ਜਰਮਨੀ ‘ਤੇ ਫਤਿਹ ਕਰਨ ਦੀ 75 ਵੀਂ ਵਰ੍ਹੇਗੰਢ ਮੌਕੇ ਆਯੋਜਿਤ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਰੂਸ ਜਾ ਰਹੇ ਹਨ। ਇਸ ਪ੍ਰੋਗਰਾਮ ਵਿਚ ਭਾਰਤੀ ਰੱਖਿਆ ਕਰਮਚਾਰੀ ਵੀ ਹਿੱਸਾ ਲੈਣਗੇ। ਰਾਜਨਾਥ ਸਿੰਘ ਮਾਸਕੋ ਵਿਚ ਸੀਨੀਅਰ ਰੂਸੀ ਨੇਤਾਵਾਂ ਅਤੇ ਹੋਰ ਦੇਸ਼ਾਂ ਦੇ ਨੇਤਾਵਾਂ ਨੂੰ ਮਿਲਣਗੇ ਪਰ ਲੱਦਾਖ ਤਣਾਅ ਦੇ ਚਲਦਿਆਂ ਉਹ ਚੀਨ ਦੇ ਨੇਤਾਵਾਂ ਨਾਲ ਮੁਲਾਕਾਤ ਨਹੀਂ ਕਰਨਗੇ।

ਰਾਜਨਾਥ ਸਿੰਘ ਦੇ ਨਾਲ ਰੱਖਿਆ ਸਕੱਤਰ ਅਜੈ ਕੁਮਾਰ ਅਤੇ ਹਰ ਇਕ ਹਥਿਆਰਬੰਦ ਫੋਰਸ ਦਾ ਇਕ ਉੱਚ ਅਧਿਕਾਰੀ ਹੋਵੇਗਾ। ਅੰਤਰਰਾਸ਼ਟਰੀ ਮੋਰਚੇ ‘ਤੇ ਚੀਨੀ ਨੇਤਾਵਾਂ ਨਾਲ ਮੁਲਾਕਾਤ ਨਾ ਕਰ ਕੇ ਭਾਰਤ ਚੀਨ ਨੂੰ ਘੇਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੱਸ ਦਈਏ ਕਿ 15 ਜੂਨ ਦੀ ਰਾਤ ਨੂੰ ਭਾਰਤੀ ਫੌਜ ਦਾ ਇਕ ਦਲ ਲਦਾਖ ਵਿਚ ਗਲਵਾਨ ਘਾਟੀ ਦੇ ਪੈਟ੍ਰੋਲਿੰਗ ਪੁਆਇੰਟ-14 ‘ਤੇ ਚੀਨੀ ਫੌਜ ਨਾਲ ਗੱਲਬਾਤ ਕਰਨ ਗਿਆ ਸੀ।

ਇਸ ਦੌਰਾਨ ਚੀਨੀ ਫੌਜੀਆਂ ਨੇ ਭਾਰਤੀ ਫੌਜ ਦੇ ਦਲ ‘ਤੇ ਹਮਲਾ ਕਰ ਦਿੱਤਾ। ਇਸ ਹਿੰਸਕ ਝੜਪ ਵਿਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ, ਜਦਕਿ ਚੀਨ ਨੂੰ ਵੀ ਭਾਰੀ ਨੁਕਸਾਨ ਹੋਇਆ ਸੀ। ਲੱਦਾਖ ਵਿਚ ਚੀਨ ਦੇ ਨਾਲ ਤਣਾਅ ਨੂੰ ਲੈ ਕੇ ਰੱਖਿਆ ਮੰਤਰੀ ਨੇ ਚੀਨੀ ਨੇਤਾਵਾਂ ਨਾਲ ਮੁਲਾਕਾਤ ਨਾ ਕਰਨ ਦਾ ਫੈਸਲਾ ਅਜਿਹੇ ਸਮੇਂ ਲਿਆ ਹੈ ਜਦੋਂ ਇਸ ਮੁੱਦੇ ‘ਤੇ ਅਮਰੀਕਾ ਨੇ ਭਾਰਤ ਨਾਲ ਇਕਜੁਟਤਾ ਜ਼ਾਹਿਰ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰੀ ਮਈਕ ਪੋਮਪੀਓ ਨੇ ਗਲਵਾਨ ਘਾਟੀ ਵਿਚ ਭਾਰਤੀ ਜਵਾਨਾਂ ਦੀ ਸ਼ਹਾਦਤ ‘ਤੇ ਸ਼ਰਧਾਂਜਲੀ ਦਿੱਤੀ ਹੈ।