ਹੁਣ ਨੌਕਰੀ ਲਈ ਦੇਣੀ ਪਵੇਗੀ ਕੇਵਲ ਇਕ ਹੀ ਪ੍ਰੀਖਿਆ, ਰਾਸ਼ਟਰੀ ਭਰਤੀ ਨੀਤੀ ਨੂੰ ਕੇਂਦਰ ਦੀ ਮਨਜ਼ੂਰੀ!
ਹੁਣ ਰਾਸ਼ਟਰੀ ਭਰਤੀ ਸੰਸਥਾ ਵਲੋਂ ਲਿਆ ਜਾਵੇਗਾ ਕਾਮਨ ਏਲਿਜਿਬਿਲਿਟ ਟੈਸਟ
ਨਵੀਂ ਦਿੱਲੀ : ਨੌਕਰੀ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਕੇਂਦਰ ਸਰਕਾਰ ਨੇ ਇਕ ਵੱਡਾ ਕਦਮ ਚੁਕਿਆ ਹੈ। ਸਰਕਾਰ ਨੇ ਰਾਸ਼ਟਰੀ ਭਰਤੀ ਨੀਤੀ ਨੂੰ ਮਨਜ਼ੂਰੀ ਦੇ ਦਿਤੀ ਹੈ ਜਿਸ ਦਾ ਦੇਸ਼ ਦੇ ਕਰੋੜਾਂ ਨੌਜਵਾਨਾਂ ਨੂੰ ਲਾਭ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦਸਿਆ ਕਿ ਬੁੱਧਵਾਰ ਨੂੰ ਕੈਬਨਿਟ ਦੀ ਮੀਟਿੰਗ ਦੌਰਾਨ ਕਈ ਅਹਿਮ ਫ਼ੈਸਲੇ ਲਏ ਗਏ ਹਨ।
ਇਨ੍ਹਾਂ 'ਚੋਂ ਇਕ ਕੌਮੀ ਭਰਤੀ ਨੀਤੀ ਨੂੰ ਮਨਜ਼ੂਰੀ ਦੇਣਾ ਹੈ, ਜਿਸ ਨਾਲ ਨੌਕਰੀ ਦੀ ਤਲਾਸ਼ ਕਰ ਰਹੇ ਨੌਜਵਾਨਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਨੌਜਵਾਨਾਂ ਨੂੰ ਨੌਕਰੀ ਲਈ ਕਈ-ਕਈ ਪ੍ਰੀਖਿਆਵਾਂ ਦੇਣੀਆਂ ਪੈਂਦੀਆਂ ਸਨ, ਜਿਨ੍ਹਾਂ ਦੀ ਹੁਣ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਭਰਤੀ ਪ੍ਰੀਕਿਰਿਆ ਨੂੰ ਸੁਖਾਲਾ ਬਣਾਉਣ ਲਈ ਸਰਕਾਰ ਨੇ ਰਾਸ਼ਟਰੀ ਭਰਤੀ ਸੰਸਥਾਨ ਦੀ ਸਥਾਪਨਾ ਕਰਨ ਦਾ ਫ਼ੈਸਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਰਾਸ਼ਟਰੀ ਭਰਤੀ ਸੰਸਥਾ ਕਾਮਨ ਏਲਿਜਿਬਿਲਿਟੀ ਟੈਸਟ ਲਵੇਂਗੀ ਜਿਸ ਦਾ ਕਰੋੜਾਂ ਨੌਜਵਾਨਾਂ ਨੂੰ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਹੁਣ ਇਕ ਹੀ ਪ੍ਰੀਖਿਆ ਹੋਵੇਗੀ, ਜਿਸ ਨਾਲ ਨੌਜਵਾਨਾਂ ਨੂੰ ਹੁੰਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲਣ ਦੇ ਨਾਲ-ਨਾਲ ਅੱਗੇ ਵਧਣ ਦੇ ਮੌਕੇ ਵੀ ਮਿਲਣਗੇ।
ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਹੁਣ ਰੇਲਵੇ, ਬੈਂਕਿੰਗ ਅਤੇ ਐਸਐਸਸੀ ਦੀ ਮੁਢਲੀ ਪ੍ਰੀਖਿਆ ਲਈ ਵੱਖ-ਵੱਖ ਪ੍ਰੀਖਿਆਵਾਂ ਦੇਣ ਦੀ ਲੋੜ ਨਹੀਂ ਪਵੇਗੀ। ਇਨ੍ਹਾਂ ਤਿੰਨਾਂ ਲਈ ਇਕ ਹੀ ਏਜੰਸੀ ਬਣਾਈ ਜਾਵੇਗੀ, ਇਕ ਹੀ ਬਿਨੈ-ਪੱਤਰ, ਇਕ ਹੀ ਫ਼ੀਸ ਅਤੇ ਇਕ ਹੀ ਪ੍ਰੀਖਿਆ ਹੋਵੇਗੀ। ਇਸ ਪ੍ਰੀਖਿਆ ਦਾ ਸਕੋਰ ਤਿੰਨ ਸਾਲ ਲਈ ਮੰਨਣਯੋਗ ਹੋਵੇਗਾ। ਅਜੇ ਤਕ ਕੇਵਲ ਦੋ ਭਾਸ਼ਾਵਾਂ ਵਿਚ ਹੀ ਪ੍ਰੀਖਿਆ ਦੇਣ ਦੀ ਇਜ਼ਾਜਤ ਸੀ, ਪਰ ਇਸ ਜ਼ਰੀਏ ਪ੍ਰੀਖਿਆਰਥੀ 12 ਭਾਸ਼ਾਵਾਂ ਵਿਚ ਇਮਤਿਹਾਨ ਦੇ ਸਕਦੇ ਹਨ।
ਉਨ੍ਹਾਂ ਕਿਹਾ ਕਿ ਸ਼ੁਰੂਆਤ 'ਚ ਨੈਸ਼ਨਲ ਰਿਕਰੂਟਮੈਂਟ ਏਜੰਸੀ ਕੇਵਲ ਤਿੰਨ ਸੰਸਥਾਵਾਂ ਲਈ ਪ੍ਰੀਖਿਆ ਲਵੇਂਗੀ, ਪਰ ਭਵਿੱਖ ਵਿਚ ਸਾਰੀਆਂ ਕੇਂਦਰੀ ਸੰਸਥਾਵਾਂ ਦੀਆਂ ਪ੍ਰੀਖਿਆਵਾਂ ਵੀ ਇਹੀ ਏਜੰਸੀ ਲਿਆ ਕਰੇਗੀ। ਇਨ੍ਹਾਂ ਤਿੰਨ ਸੰਸਥਾਵਾਂ ਵਿਚ ਲਗਭਗ ਢਾਈ ਕਰੋੜ ਵਿਦਿਆਰਥੀ ਭਾਗ ਲੈਂਦੇ ਹਨ।
ਸਰਕਾਰ ਦੇ ਸਕੱਤਰ ਸੀ. ਚੰਦਰਮੌਲੀ ਨੇ ਕਿਹਾ ਕਿ ਕੇਂਦਰ ਸਰਕਾਰ ਵਿਚ ਲਗਭਗ 20 ਤੋਂ ਵਧੇਰੇ ਭਰਤੀ ਏਜੰਸੀਆਂ ਹਨ। ਸ਼ੁਰੂਆਤ 'ਚ ਅਸੀਂ ਕੇਵਲ ਤਿੰਨ ਏਜੰਸੀਆਂ ਦੀ ਪ੍ਰੀਖਿਆ ਇਕੱਠੀ ਕਰ ਰਹੇ ਹਾਂ, ਸਮੇਂ ਦੇ ਨਾਲ ਸਾਰੀਆਂ ਭਰਤੀ ਏਜੰਸੀਆਂ ਲਈ ਕਾਮਨ ਏਲਿਜਿਬਿਲਿਟੀ ਟੈਸਟ ਦੀ ਵਿਵਸਥਾ ਕਰ ਦਿਤੀ ਜਾਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।