ਪੰਜਾਬ ਪੁਲਿਸ ਭਰਤੀ ਬੋਰਡ ਰਾਹੀਂ ਹੋਵੇਗੀ ਜੇਲ੍ਹਾਂ ਲਈ 305 ਵਾਰਡਾਂ ਦੀ ਸਿੱਧੀ ਭਰਤੀ!
ਭਰਤੀ ਪ੍ਰਕਿਰਿਆ ਚਾਰ ਮਹੀਨਿਆਂ 'ਚ ਹੋਵੇਗੀ ਮੁਕੰਮਲ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਅੱਜ ਜੇਲ ਵਾਰਡਾਂ ਦੀਆਂ 305 ਅਸਾਮੀਆਂ ਨੂੰ ਅਧੀਨ ਸੇਵਾਵਾਂ ਚੋਣ ਬੋਰਡ ਦੇ ਅਧਿਕਾਰ ਖੇਤਰ ਵਿਚੋਂ ਕੱਢ ਕੇ ਪੰਜਾਬ ਪੁਲਿਸ ਭਰਤੀ ਬੋਰਡ ਰਾਹੀਂ ਸਿੱਧੇ ਤੌਰ 'ਤੇ ਭਰੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਅਨੁਸਾਰ ਇਹ ਫ਼ੈਸਲਾ ਜੇਲ੍ਹਾਂ ਦੇ ਪ੍ਰਬੰਧਨ 'ਚ ਸੁਧਾਰ ਲਈ ਢੁੱਕਵੀਂ ਅਮਲਾ ਸਮਰੱਥਾ ਮੁਹੱਈਆ ਕਰਵਾਉਣ ਵਿਚ ਸਹਾਈ ਹੋਵੇਗਾ। ਇਹ ਸਮੁੱਚੀ ਭਰਤੀ ਪ੍ਰਕ੍ਰਿਆ ਚਾਰ ਮਹੀਨਿਆਂ ਦੇ ਅੰਦਰ ਹੀ ਮੁਕੰਮਲ ਕੀਤੀ ਜਾਵੇਗੀ।
ਪੰਜਾਬ ਦੀਆਂ ਜੇਲ੍ਹ੍ਹਾਂ ਵਿਚ ਮੌਜੂਦਾ ਸਮੇਂ 24 ਹਜ਼ਾਰ ਤੋਂ ਵਧੇਰੇ ਮੁਜ਼ਰਿਮ/ਹਵਾਲਾਤੀ ਕੈਦੀ ਹਨ। ਇਨ੍ਹਾਂ ਕੈਦੀਆਂ ਦੀ ਨਿਗਰਾਨੀ ਲਈ ਲੋੜੀਂਦੇ ਸਟਾਫ਼ ਦੀ ਘਾਟ ਹੈ। 27 ਨਵੰਬਰ 2016 ਦੀ ਨਾਭਾ ਜੇਲ ਤੋੜਨ ਦੀ ਘਟਨਾ ਤੋਂ ਬਾਅਦ ਸਟਾਫ਼ ਦੀ ਘਾਟ ਵਧੇਰੇ ਮਹਿਸੂਸ ਕੀਤੀ ਜਾ ਰਹੀ ਸੀ ਅਤੇ ਕੈਬਨਿਟ ਅਨੁਸਾਰ ਅਜਿਹੀਆਂ ਘਟਨਾਵਾਂ ਨੂੰ ਰੋਕੇ ਜਾਣ ਲਈ ਸਟਾਫ਼ ਦੀ ਸਮਰੱਥਾ ਨੂੰ ਵਧਾਉਣ ਦੀ ਜ਼ਰੂਰਤ ਹੈ।
ਨਾਭਾ ਜੇਲ ਤੋੜਨ ਦੀ ਘਟਨਾ ਦੀ ਜਾਂਚ ਲਈ ਗਠਿਤ ਉੱਚ ਤਾਕਤੀ ਕਮੇਟੀ ਵੱਲੋਂ ਵੀ ਜੇਲ ਅੰਦਰ ਘਟਨਾ ਦੇ ਕਾਰਨ ਵਜੋਂ ਸਟਾਫ਼ ਦੀ ਘਾਟ ਨੂੰ ਵੀ ਉਘਾੜਿਆ ਗਿਆ ਸੀ।
ਇਸੇ ਦੌਰਾਨ ਕੈਬਨਿਟ ਵਲੋਂ ਸਾਲ 2017 ਲਈ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਦੀ ਸਾਲਾਨਾ ਪ੍ਰਸ਼ਾਸਕੀ ਰਿਪੋਰਟ ਨੂੰ ਵੀ ਪ੍ਰਵਾਨਗੀ ਦੇ ਦਿਤੀ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।