ਧਾਰਾ 370 ਦੇ ਖ਼ਾਤਮੇ ਕਾਰਨ ਕਾਂਗਰਸ ਦਾ ਢਿੱਡ ਦੁਖ ਰਿਹੈ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਕਾਂਗਰਸ ਦੇ ਬਿਆਨ ਪਾਕਿਸਤਾਨ, ਭਾਰਤ ਵਿਰੁਧ ਵਰਤ ਰਿਹੈ

Narender Modi

ਗੋਹਾਨਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਾਰਾ 370 ਬਾਰੇ ਕਾਂਗਰਸ ਦੇ ਨਜ਼ਰੀਏ ਲਈ ਉਸ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਪਾਕਿਸਤਾਨ ਵਿਰੋਧੀ ਧਿਰ ਦੇ ਬਿਆਨਾਂ ਦੀ ਵਰਤੋਂ ਭਾਰਤ ਵਿਰੁਧ ਕਰਦਾ ਹੈ। ਉਨ੍ਹਾਂ ਪੁਛਿਆ ਕਿ ਆਖ਼ਰ ਗੁਆਂਢੀ ਦੇਸ਼ ਨਾਲ ਕਾਂਗਰਸ ਦੀ ਕਿਸ ਤਰ੍ਹਾਂ ਦੀ 'ਕੈਮਿਸਟਰੀ' ਹੈ? ਭਾਜਪਾ ਨੇ ਧਾਰਾ 370 ਦੇ ਖ਼ਾਤਮੇ ਨੂੰ ਵੱਡਾ ਚੋਣ ਮੁੱਦਾ ਬਣਾਇਆ ਹੈ। ਮੋਦੀ ਨੇ ਕਿਹਾ ਕਿ ਕਾਂਗਰਸ ਜਿਹੀਆਂ ਪਾਰਟੀਆਂ ਨਾ ਤਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਸਕਦੀਆਂ ਹਨ, ਨਾ ਹੀ ਬਹਾਦਰ ਜਵਾਨਾਂ ਦੀ ਸ਼ਹਾਦਤ ਦੀ ਕਦਰ ਕਰਦੀਆਂ ਹਨ।

ਇਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਲੋਕਾਂ ਨੂੰ ਪੁਛਿਆ, 'ਕੀ ਮੈਨੂੰ ਦੇਸ਼ਹਿੱਤ ਵਿਚ ਫ਼ੈਸਲੇ ਲੈਣੇ ਚਾਹੀਦੇ ਹਨ ਜਾਂ ਨਹੀਂ, ਕੀ ਦੇਸ਼ਹਿੱਤ ਰਾਜਨੀਤੀ ਤੋਂ ਉਪਰ ਹੋਣੇ ਚਾਹੀਦੇ ਹਨ ਜਾਂ  ਨਹੀਂ? ਪਰ ਕਾਂਗਰਸ ਹਰਿਆਣਾ ਦੇ ਲੋਕਾਂ ਦੀ, ਸੋਨੀਪਤ ਦੇ ਲੋਕਾਂ ਦੀ ਇਹ ਭਾਵਨਾ ਸਮਝਣ ਵਿਚ ਨਾਕਾਮ ਰਹੀ ਹੈ। ਕਾਂਗਰਸ 'ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਦੁਆਰਾ ਧਾਰਾ 370 ਖ਼ਤਮ ਕੀਤੇ ਜਾਣ ਮਗਰੋਂ ਪਾਰਟੀ 'ਦਰਦ' ਵਿਚ ਹੈ। ਉਨ੍ਹਾਂ ਕਿਹਾ, 'ਤੁਹਾਨੂੰ ਯਾਦ ਹੈ ਕਿ ਪੰਜ ਅਗੱਸਤ ਨੂੰ ਕੀ ਹੋਇਆ ਸੀ? ਉਸ ਦਿਨ ਉਹ ਹੋਇਆ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ,

ਜਿਸ ਬਾਰੇ ਦੇਸ਼ ਨੇ ਉਮੀਦ ਹੀ ਛੱਡ ਦਿਤੀ ਸੀ। ਪੰਜ ਅਗੱਸਤ ਨੂੰ ਭਾਰਤ ਦਾ ਸੰਵਿਧਾਨ ਜੰਮੂ ਕਸ਼ਮੀਰ ਵਿਚ ਪੂਰੀ ਤਰ੍ਹਾਂ ਲਾਗੂ ਹੋ ਗਿਆ। 70 ਸਾਲਾਂ ਤੋਂ ਜੰਮੂ ਕਸ਼ਮੀਰ, ਲਦਾਖ਼ ਦੇ ਵਿਕਾਸ ਵਿਚ ਪੈ ਰਹੇ ਅੜਿੱਕੇ ਨੂੰ ਖ਼ਤਮ ਕਰ ਦਿਤਾ ਗਿਆ।' ਪ੍ਰਧਾਨ ਮੰਤਰੀ ਨੇ ਅੱਜ ਤਿੰਨ ਥਾਵਾਂ 'ਤੇ ਰੈਲੀਆਂ ਕੀਤੀਆਂ। ਉਨ੍ਹਾਂ ਕਿਹਾ, 'ਕਾਂਗਰਸ ਅਤੇ ਉਸ ਜਿਹੀਆਂ ਪਾਰਟੀਆਂ ਨੂੰ ਏਨਾ ਦਰਦ ਹੋ ਰਿਹਾ ਹੈ ਕਿ ਇਲਾਜ ਲਈ ਕੋਈ ਦਵਾਈ ਨਹੀਂ। ਕਾਂਗਰਸ ਦੇ ਢਿੱਡ ਵਿਚ ਦਰਦ ਕਾਂਗਰਸ ਦੀ ਲਾਇਲਾਜ ਬੀਮਾਰੀ ਬਣ ਗਿਆ ਹੈ।' ਮੋਦੀ ਨੇ ਕਿਹਾ, 'ਕਾਂਗਰਸ ਅਜਿਹੀ ਬੀਮਾਰੀ ਦਾ ਸਾਹਮਣਾ ਕਰ ਰਹੀ ਹੈ

ਕਿ ਜਦ ਅਸੀਂ ਸਵੱਛ ਭਾਰਤ, ਸਰਜੀਕਲ ਹਮਲੇ ਦੀ ਗੱਲ ਕਰਦੇ ਹਾਂ ਤਾਂ ਉਨ੍ਹਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ ਅਤੇ ਜੇ ਕੋਈ ਬਾਲਾਕੋਟ ਦਾ ਨਾਮ ਲੈਂਦਾ ਹੈ ਤਾਂ ਉਨ੍ਹਾਂ ਦਾ ਦਰਦ ਵੱਧ ਜਾਂਦਾ ਹੈ।' ਮੋਦੀ ਨੇ ਕਿਹਾ ਕਿ ਧਾਰਾ 370 ਬਾਰੇ ਕਾਂਗਰਸ ਦੇ ਬਿਆਨਾਂ ਦੀ ਵਰਤੋਂ ਪਾਕਿਸਤਾਨ ਕਰ ਰਿਹਾ ਹੈ। ਮੋਦੀ ਨੇ ਸੋਨੀਪਤ ਨੂੰ ਕਿਸਾਨਾਂ, ਜਵਾਨਾਂ ਅਤੇ ਪਹਿਲਵਾਨਾਂ ਦੀ ਧਰਤੀ ਦਸਿਆ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਨੇ ਹਰਿਆਣਾ ਚੋਣਾਂ ਵਿਚ ਪਹਿਲਾਂ ਹੀ ਹਾਰ ਮੰਨ ਲਈ ਹੈ।