ਪ੍ਰਦੂਸ਼ਣ ਖਿਲਾਫ਼ ਸਾਰੀਆਂ ਸਰਕਾਰਾਂ ਮਿਲ ਕੇ ਕੰਮ ਕਰੀਏ ਤਾਂ ਹੋਵੇਗਾ ਫਾਇਦਾ - ਕੇਜਰੀਵਾਲ
ਪ੍ਰਦੂਸ਼ਣ ਦੇ ਮੁੱਦੇ 'ਤੇ ਪੰਜਾਬ, ਹਰਿਆਣਾ, ਦਿੱਲੀ ਅਤੇ ਯੂਪੀ ਦੇ ਮੁੱਖ ਮੰਤਰੀਆਂ ਦੀ ਬੈਠਕ ਸੱਦਣ ਕੇਂਦਰੀ ਵਾਤਾਵਰਣ ਮੰਤਰੀ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਦੂਸ਼ਣ ਦੇ ਮੁੱਦੇ ਨੂੰ ਲੈ ਕੇ ਕੇਂਦਰੀ ਵਾਤਾਵਰਣ ਮੰਤਰੀ ਨੂੰ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀਆਂ ਦੀ ਬੈਠਣ ਸੱਦਣ ਦਾ ਸੁਝਾਅ ਦਿੱਤਾ। ਸੋਮਵਾਰ ਨੂੰ ਇਕ ਡਿਜੀਟਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ, ' ਪਰਾਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਡੈੱਡਲਾਈਨ ਤੈਅ ਕੀਤੀ ਜਾਵੇ'।
ਉਹਨਾਂ ਕਿਹਾ ਕਿ ਸਾਨੂੰ ਪਰਾਲੀ ਦੀ ਸਮੱਸਿਆ ਦੇ ਹੱਲ ਲਈ ਜੰਗੀ ਪੱਧਰ 'ਤੇ ਕੰਮ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੇਂਦਰੀ ਵਾਤਾਵਰਣ ਮੰਤਰੀ ਹਰ ਮਹੀਨੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰਨ।
ਅਰਵਿੰਦ ਕੇਜਰੀਵਾਲ ਨੇ ਕਿਹਾ, 'ਪਰਾਲੀ ਨਾਲ ਪ੍ਰਦੂਸ਼ਣ ਪੂਰੇ ਉੱਤਰ ਭਾਰਤ ਵਿਚ ਹੁੰਦਾ ਹੈ। ਦਿੱਲੀ ਤੋਂ ਜ਼ਿਆਦਾ ਉਹਨਾਂ ਕਿਸਾਨਾਂ ਲਈ ਚਿੰਤਾ ਹੁੰਦੀ ਹੈ ਜੋ ਪਰਾਲੀ ਸਾੜਦੇ ਹਨ। ਪੂਸਾ ਦੇ ਇਕ ਪ੍ਰਯੋਗ 'ਤੇ ਦਿੱਲੀ ਸਰਕਾਰ ਦਿੱਲੀ ਵਿਚ ਛੜਕਾਅ ਕਰ ਰਹੀ ਹੈ। ਇਸ ਨਾਲ ਖਾਦ ਬਣੇਗੀ। ਕਰਾਨਲ ਵਿਚ ਪਰਾਲੀ ਨਾਲ ਸੀਐਨਜੀ ਬਣਾਉਣ ਦਾ ਬਹੁਤ ਵੱਡਾ ਕਾਰਖਾਨਾ ਵੀ ਸ਼ੁਰੂ ਹੋ ਗਿਆ ਹੈ। ਇਸ ਵਿਚ ਕਿਸਾਨਾਂ ਨੂੰ ਪੈਸਾ ਮਿਲਦਾ ਹੈ। ਕਿਸਾਨਾਂ ਦਾ ਕੋਈ ਖਰਚ ਨਹੀਂ ਹੈ'।
ਉਹਨਾਂ ਕਿਹਾ ਕਿ ਪੰਜਾਬ ਵਿਚ ਪਰਾਲੀ ਨਾਲ ਕੋਲਾ ਬਣਾਉਣ ਵਾਲੀਆਂ ਸੱਤ ਫੈਕਟਰੀਆਂ ਚੱਲ ਰਹੀਆਂ ਹਨ। ਇਹ ਐਨਟੀਪੀਸੀ ਨੂੰ ਕੋਚਾ ਵੇਚਦੀਆਂ ਹਨ। ਪਰਾਲੀ ਨਾਲ ਗੱਤਾ ਬਣਦਾ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਸਾਰੀਆਂ ਸਰਕਾਰਾਂ ਮਿਲ ਕੇ ਅਜਿਹੇ ਕੰਮ ਕਰੀਏ ਤਾਂ ਕਿੰਨਾ ਫਾਇਦਾ ਹੋਵੇਗਾ'।