ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ 'ਤੇ ਬਰਸੇ ਕੇਜਰੀਵਾਲ, ਆਪ ਪੰਜਾਬ ਦੇ ਪ੍ਰਦਰਸ਼ਨ 'ਚ ਹੋਏ ਸ਼ਾਮਲ
ਖੇਤੀ ਕਾਨੂੰਨ ਜ਼ਰੀਏ ਖੇਤੀਬਾੜੀ ਨੂੰ ਕਿਸਾਨਾਂ ਕੋਲੋਂ ਖੋਹ ਕੇ ਕੰਪਨੀਆਂ ਨੂੰ ਦੇਣਾ ਚਾਹੁੰਦੀ ਹੈ ਕੇਂਦਰ ਸਰਕਾਰ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅੱਜ ਆਮ ਆਦਮੀ ਪਾਰਟੀ ਵੱਲ਼ੋਂ ਦਿੱਲੀ ਦੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਦਿੱਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਆਗੂਆਂ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਧਰਨੇ ਵਿਚ ਸ਼ਾਮਲ ਹੋਏ।
ਇਸ ਦੌਰਾਨ ਕੇਜਰੀਵਾਲ ਨੇ ਕਿਸਾਨਾਂ ਦੇ ਹੱਕਾਂ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ। ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਦੇ ਕਿਸਾਨਾਂ ਨੂੰ ਖੇਤ ਛੱਡ ਕੇ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਇਹ ਸਮਾਂ ਖੇਤੀ ਦੇ ਲਿਹਾਜ਼ ਨਾਲ ਕਾਫ਼ੀ ਰੁਝੇਵਿਆਂ ਦਾ ਸਮਾਂ ਹੈ ਪਰ ਕਿਸਾਨ ਪ੍ਰਦਰਸ਼ਨ ਕਰਨ ਲ਼ਈ ਮਜਬੂਰ ਹਨ।
ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨ ਜ਼ਰੀਏ ਖੇਤੀਬਾੜੀ ਨੂੰ ਕਿਸਾਨ ਕੋਲੋਂ ਖੋਹ ਕੇ ਕੰਪਨੀਆਂ ਨੂੰ ਦੇਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਜਦੋਂ ਅਨਾਜ ਦੀ ਸਮੱਸਿਆ ਸੀ ਤਾਂ ਕੰਪਨੀਆਂ ਨਹੀਂ ਕਿਸਾਨ ਕੰਮ ਆਇਆ ਸੀ ਅਤੇ ਹਰੀ ਕ੍ਰਾਂਤੀ ਆਈ ਸੀ।
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ, '2014 ਵਿਚ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਵਾਅਦਾ ਕੀਤਾ ਸੀ ਕਿ ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਜਾਵੇਗੀ। ਰਿਪੋਰਟ ਕਹਿੰਦੀ ਹੈ ਕਿ ਘੱਟੋ ਘੱਟ ਸਮਰਥਨ ਮੁੱਲ਼ (ਐਮਐਸਪੀ) ਡੇਢ ਗੁਣਾ ਹੋਵੇਗਾ ਪਰ ਚੋਣਾਂ ਜਿੱਤਣ ਤੋਂ ਬਾਅਦ ਐਮਐਸਪੀ ਖਤਮ ਕਰ ਦਿੱਤਾ'। ਉਹਨਾਂ ਨੇ ਅੱਗੇ ਕਿਹਾ ਕਿ ਪੰਜਾਬ ਵਿਚ ਕਿਸਾਨਾਂ ਦੀ ਇਕ ਰਾਸ਼ਟਰੀ ਪਾਰਟੀ ਹੈ। ਉਸ ਪਾਰਟੀ ਦਾ ਬਹੁਤ ਵੱਡਾ ਨੇਤਾ ਉਸ ਮੀਟਿੰਗ ਵਿਚ ਸੀ, ਜਿਸ ਨੇ ਖੇਤੀ ਕਾਨੂੰਨ ਬਣਾਏ ਅਤੇ ਉਹੀ ਹੁਣ ਟ੍ਰੈਕਟਰ ਰੈਲੀ ਕਰ ਰਹੇ ਹਨ?
ਦੂਜੀ ਪਾਰਟੀ ਬਿਲ ਪਾਸ ਕਰਵਾ ਕੇ ਅਸਤੀਫ਼ਾ ਦੇ ਰਹੀ ਹੈ। ਇਹ ਦੋਵੇਂ ਨਾਟਕ ਕਰ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਇਹਨਾਂ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ। ਐਮਐਸਪੀ 'ਤੇ ਕਾਨੂੰਨ ਲਿਆਂਦਾ ਜਾਵੇ ਕਿ 100 ਫੀਸਦ ਫਸਲ ਐਮਐਸਪੀ 'ਤੇ ਚੁੱਕੀ ਜਾਵੇਗੀ ਅਤੇ ਲਾਗਤ ਦਾ ਡੇਢ ਗੁਣਾ ਐਮਐਸਪੀ ਦਿੱਤਾ ਜਾਵੇ।