ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਇਲਾਜ ਲਈ ਹੋਏ ਲੰਡਨ ਰਵਾਨਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਲਾਹੌਰ ਹਾਈ ਕੋਰਟ ਨੇ ਨਵਾਜ਼ ਸ਼ਰੀਫ ਨੂੰ ਚਾਰ ਹਫ਼ਤਿਆਂ ਲਈ ਵਿਦੇਸ਼ ਜਾਣ ਦੀ ਆਗਿਆ ਦੇ ਦਿੱਤੀ ਹੈ

Nawaz Sharif

ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਇਲਾਜ ਲਈ ਲੰਡਨ ਰਵਾਨਾ ਹੋ ਗਏ ਹਨ। ਇਹ ਜਾਣਕਾਰੀ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਗਈ ਹੈ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.ਐੱਨ.) ਦੇ ਨੇਤਾ ਨਵਾਜ਼ ਸ਼ਰੀਫ ਨੂੰ ਇਲਾਜ ਲਈ ਵਿਦੇਸ਼ ਜਾਣ ਦੀ ਆਗਿਆ ਮਿਲੀ ਹੈ। ਲਾਹੌਰ ਹਾਈ ਕੋਰਟ ਨੇ ਨਵਾਜ਼ ਸ਼ਰੀਫ ਨੂੰ ਚਾਰ ਹਫ਼ਤਿਆਂ ਲਈ ਵਿਦੇਸ਼ ਜਾਣ ਦੀ ਆਗਿਆ ਦੇ ਦਿੱਤੀ ਹੈ। ਨਵਾਜ਼ ਸ਼ਰੀਫ ਦੇ ਨਾਲ ਉਹਨਾਂ ਦੇ ਭਰਾ ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ ਅਤੇ ਨਿੱਜੀ ਡਾਕਟਰ ਅਦਨਾਨ ਖਾਨ ਵੀ ਵਿਦੇਸ਼ ਗਏ ਹੋਏ ਹਨ।

ਨਵਾਜ਼ ਸ਼ਰੀਫ ਦੇ ਭਰਾ ਨੇ ਕਿਹਾ ਹੈ ਕਿ ਲੰਡਨ ਵਿਚ ਕੁਝ ਟੈਸਟਾਂ ਤੋਂ ਬਾਅਦ ਨਵਾਜ਼ ਸ਼ਰੀਫ ਨੂੰ ਬੋਸਟਨ ਸ਼ਹਿਰ ਵਿਚ ਇਲਾਜ ਲਈ ਲਿਜਾਇਆ ਜਾਵੇਗਾ। ਨਵਾਜ਼ ਸ਼ਰੀਫ ਨੂੰ ਵਿਦੇਸ਼ ਲਿਜਾਣ ਵਾਲੀ ਏਅਰ ਐਂਬੂਲੈਂਸ ਮੰਗਲਵਾਰ ਤੜਕੇ ਸਵੇਰੇ ਦੋਹਾ ਤੋਂ ਲੋਹਾਰ ਏਅਰਪੋਰਟ ਪਹੁੰਚੀ। ਏਅਰ ਐਂਬੂਲੈਂਸ ਵਿਚ ਸੰਘਣੀ ਮੈਡੀਕਲ ਯੂਨਿਟ (ਆਈਸੀਯੂ) ਅਤੇ ਇੱਕ ਆਪ੍ਰੇਸ਼ਨ ਥੀਏਟਰ ਦੇ ਨਾਲ ਨਾਲ ਡਾਕਟਰਾਂ ਅਤੇ ਸਹਿਯੋਗੀ ਡਾਕਟਰਾਂ ਦੀ ਟੀਮ ਵੀ ਹੈ।

ਪੀਐਮਐਲ-ਐਨ ਦੀ ਬੁਲਾਰੀ ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਜਹਾਜ਼ ਵਿਚ ਸਵਾਰ ਹੋਣ ਤੋਂ ਪਹਿਲਾਂ ਡਾਕਟਰਾਂ ਨੇ ਨਵਾਜ਼ ਸ਼ਰੀਫ਼ ਦਾ ਮੈਡੀਕਲ ਟੈਸਟ ਕੀਤਾ ਅਤੇ ਯਾਤਰਾ ਦੌਰਾਨ ਉਸ ਨੂੰ ਤੰਦਰੁਸਤ ਰੱਖਣ ਲਈ ਸਟੇਅਰੌਇਡ ਅਤੇ ਹੋਰ ਦਵਾਈਆਂ ਦਿੱਤੀਆਂ। ਨਵਾਜ਼ ਸ਼ਰੀਫ ਦੀਆਂ ਡਾਕਟਰੀ ਫਾਈਲਾਂ ਵੀ ਡਾਕਟਰਾਂ ਦੀ ਟੀਮ ਨੂੰ ਸੌਂਪੀਆਂ ਗਈਆਂ ਹਨ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਸਾਬਕਾ ਪ੍ਰਧਾਨ ਮੰਤਰੀ ਨੂੰ ਇਲਾਜ ਲਈ ਵਿਦੇਸ਼ ਜਾਣ ਦੀ ਆਗਿਆ ਦੇਣ ਵਾਲੀ ਸੂਚਨਾ ਜਾਰੀ ਕੀਤੀ ਸੀ।

ਨੋਟੀਫਿਕੇਸ਼ਨ ਵਿਚ ਕਿਹਾ ਗਿਆ ਸੀ ਕਿ ਲਾਹੌਰ ਹਾਈ ਕੋਰਟ ਦੇ ਪਿਛਲੇ ਹਫ਼ਤੇ ਆਏ ਆਦੇਸ਼ ਦੇ ਮੱਦੇਨਜ਼ਰ ਇਹ ਅੰਤਰਿਮ ਪ੍ਰਬੰਧ ਹੈ। ਅਲ-ਅਜ਼ੀਜ਼ਿਆ ਭ੍ਰਿਸ਼ਟਾਚਾਰ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਨਵਾਜ਼ ਸ਼ਰੀਫ਼ ਜੇਲ੍ਹ ਵਿਚ ਸਜ਼ਾ ਕੱਟ ਰਹੇ ਸਨ, ਜਿਸ ਤੋਂ ਬਾਅਦ ਇਸਲਾਮਾਬਾਦ ਹਾਈ ਕੋਰਟ ਨੇ ਉਸ ਨੂੰ ਮਨੁੱਖੀ ਅਧਾਰਾਂ ‘ਤੇ ਜ਼ਮਾਨਤ ਦੇ ਦਿੱਤੀ ਹੈ।