ਨਵਾਜ਼ ਸ਼ਰੀਫ ਦੀ ਹਾਲਤ ਹੋਰ ਖ਼ਰਾਬ ਹੋਈ, ਪਰ ਨਹੀਂ ਮਿਲੀ ਵਿਦੇਸ਼ ਜਾਣ ਦੀ ਆਗਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ ਨਵਾਜ਼ ਸ਼ਰੀਫ

File Photo

ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸਿਹਤ ਹੋਰ ਖ਼ਰਾਬ ਹੋ ਗਈ ਹੈ। ਇਸ 'ਤੇ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦਾ ਕਹਿਣਾ ਹੈ ਕਿ ਨਵਾਜ਼ ਸ਼ਰੀਫ਼ ਦਾ ਨਾਮ ਨੋ ਫਲਾਈ ਲਿਸਟ ਵਿਚ ਹੈ, ਜਿਸ ਕਰਕੇ ਉਹ ਵਿਦੇਸ਼ ਵਿਚ ਜਾ ਕੇ ਇਲਾਜ਼ ਕਰਵਾਉਣ ਤੋਂ ਅਸਮਰਥ ਹਨ। ਉਹ ਇਸ ਸੂਚੀ ਵਿਚੋਂ ਆਪਣਾ ਨਾਮ ਹਟਾਏ ਜਾਣ ਦੀ ਉਡੀਕ ਕਰ ਰਹੇ ਹਨ। ਜਿਸ ਵਿਅਕਤੀ ਦਾ ਨਾਮ ਨੋ ਫਲਾਈ ਸੂਚੀ ਵਿਚ ਪੈ ਜਾਂਦਾ ਹੈ ਉਹ ਦੇਸ਼ ਦੇ ਅੰਦਰ ਜਾ ਬਾਹਰ ਉਡਾਨ ਨਹੀਂ ਭਰ ਸਕਦਾ ਹੈ।

69 ਸਾਲਾ ਨਵਾਜ਼ ਸ਼ਰੀਫ ਆਪਣੇ ਡਾਕਟਰਾਂ ਦੀ ਸਲਾਹ ਅਤੇ ਪਰਿਵਾਰ ਦੀ ਬੇਨਤੀ ਤੋਂ ਬਾਅਦ ਸ਼ੁੱਕਰਵਾਰ ਨੂੰ ਯੂਕੇ ਜਾਣ ਲਈ ਸਹਿਮਤ ਹੋ ਗਏ ਸਨ। ਸ਼ਰੀਫ ਇਸ ਵੇਲੇ ਕਈ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ। ਜਿਸ ਵਿਚ ਉਨ੍ਹਾਂ ਦੀ ਡਿੱਗ ਰਹੀ ਪਲੇਟਲੈਟ ਵੀ ਸ਼ਾਮਲ ਹੈ। ਪੀਐਮਐਲਐਨ ਦੇ ਬੁਲਾਰੇ ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ''ਡਾਕਟਰ ਸਾਬਕਾ ਪ੍ਰਧਾਨ ਮੰਤਰੀ ਦੀ ਪਲੇਟਲੈਟ ਦੀ ਗਿਣਤੀ ਨੂੰ ਵਧਾਉਣ ਲਈ ਪੂਰੀ ਕੌਸ਼ਿਸ਼ ਕਰ ਰਹੇ ਹਨ ਤਾਂ ਜਦੋਂ ਉਹ ਯਾਤਰਾ ਕਰਨ ਤਾਂ ਉਨ੍ਹਾਂ ਦੀ ਸਿਹਤ ਹੋਰ ਖਰਾਬ ਨਾ ਹੋਵੇ''।

ਫਿਲਹਾਲ ਸ਼ਰੀਫ ਦੀ ਦੇਖਭਾਲ ਲਾਹੌਰ ਨੇੜੇ ਇਕ ਨਿਵਾਸ 'ਤੇ ਕੀਤੀ ਜਾ ਰਹੀ ਹੈ। ਜਿੱਥੇ ਇਕ ਆਈਸੀਯੂ ਲਗਾਇਆ ਗਿਆ ਹੈ। ਸਰਕਾਰ ਸ਼ਰੀਫ ਦਾ ਨਾਮ ਨੋ ਫਲਾਈ ਲਿਸਟ 'ਚੋਂ ਹਟਾ ਨਹੀਂ ਸਕੀ ਹੈ, ਕਿਉਂਕਿ ਕੌਮੀ ਜਵਾਬਦੇਹੀ ਬਿਊਰੋ ਦੇ ਚੇਅਰਮੈਨ ਜਾਵੇਦ ਇਕਬਾਲ ਦੇਸ਼ 'ਚ ਨੋ ਇਤਰਾਜ਼ ਸਰਟੀਫ਼ਿਕੇਟ ਜਾਰੀ ਕਰਨ ਲਈ ਮੌਜੂਦ ਨਹੀਂ ਹਨ। ਸਰਕਾਰ ਦੇ ਬੁਲਾਰੇ ਫਿਰਦੌਸ ਆਸ਼ਿਤ ਅਵਾਨ ਨੇ ਕਿਹਾ ਕਿ ਸ਼ਰੀਫ ਦਾ ਨਾਮ ਨੋ ਫਲਾਈ ਲਿਸਟ ਤੋਂ ਹਟਾਉਣ ਦਾ ਫੈਸਲਾ ਐਨਏਬੀ ਅਤੇ ਡਾਕਟਰਾਂ ਦੀਆਂ ਸਿਫਾਰਸ਼ਾਂ ਤੋਂ ਬਾਅਦ ਲਿਆ ਜਾਵੇਗਾ।