ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਤੋਂ ਵੀ ਮੁਆਫੀ ਮੰਗੇ ਸਰਕਾਰ- ਮਨੀਸ਼ ਸਿਸੋਦੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਜਰੀਵਾਲ ਨੇ ਕਿਹਾ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ ਕਿ ਕਿਵੇਂ ਇਸ ਦੇਸ਼ ਦੇ ਕਿਸਾਨਾਂ ਨੇ ਖੇਤੀ ਅਤੇ ਕਿਸਾਨੀ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ।

Manish Sisodia

ਨਵੀਂ ਦਿੱਲੀ: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਖੇਤੀਬਾੜੀ ਕਾਨੂੰਨ ਰੱਦ ਕਰਨ 'ਤੇ ਕਿਹਾ ਕਿ ਸਰਕਾਰ ਨੂੰ ਇਸ ਅੰਦੋਲਨ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਤੋਂ ਵੀ ਮੁਆਫੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿਹਾ, " ਭਾਜਪਾ ਦੇ ਇਹਨਾਂ ਲੋਕਾਂ ਨੇ ਹੀ ਕਿਸਾਨਾਂ ਨੂੰ ਅੱਤਵਾਦੀ ਕਿਹਾ ਸੀ। ਸਰਕਾਰ ਵੱਲੋਂ ਇੱਕ ਸਾਲ ਤੱਕ ਕਿਸਾਨਾਂ ਨਾਲ ਅਜਿਹਾ ਸਲੂਕ ਕਰਨਾ ਗਲਤ ਸੀ।"

ਮਨੀਸ਼ ਸਿਸੋਦੀਆ ਨੇ ਤਿੰਨ ਕਾਨੂੰਨਾਂ ਨੂੰ ਵਾਪਸ ਲੈਣ 'ਤੇ ਦਿੱਤੇ ਆਪਣੇ ਵਧਾਈ ਸੰਦੇਸ਼ 'ਚ ਕਿਹਾ, "ਕਿਸਾਨ ਅਤੇ ਕਿਸਾਨ ਅੰਦੋਲਨ ਨੂੰ ਵਧਾਈ। ਤੁਹਾਡੇ ਇਕ ਸਾਲ ਦੇ ਅਹਿੰਸਕ ਅੰਦੋਲਨ ਨੇ ਤਾਨਾਸ਼ਾਹ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ।" ਉਹਨਾਂ ਕਿਹਾ, "ਸੈਂਕੜੇ ਕਿਸਾਨਾਂ ਦੀ ਸ਼ਹਾਦਤ ਅੱਗੇ ਕੇਂਦਰ ਸਰਕਾਰ ਨੂੰ ਝੁਕਣਾ ਪਿਆ। ਸਰਕਾਰ ਨੂੰ ਉਹਨਾਂ ਕਿਸਾਨਾਂ ਦੇ ਪਰਿਵਾਰਾਂ ਤੋਂ ਵੀ ਮੁਆਫ਼ੀ ਮੰਗਣੀ ਚਾਹੀਦੀ ਹੈ, ਜਿਨ੍ਹਾਂ ਦੀ ਜਾਨ ਇਹਨਾਂ ਕਾਨੂੰਨਾਂ ਖ਼ਿਲਾਫ਼ ਅੰਦੋਲਨ ਵਿਚ ਚਲੀ ਗਈ।"

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ- ਦੇਸ਼ ਦੇ ਕਿਸਾਨਾਂ ਨੂੰ ਸਲਾਮ

ਕੇਜਰੀਵਾਲ ਨੇ ਕਿਹਾ ਕਿ ਅੱਜ ਪ੍ਰਕਾਸ਼ ਪੁਰਬ ਵਾਲੇ ਦਿਨ ਕਿੰਨੀ ਵੱਡੀ ਖ਼ੁਸ਼ਖ਼ਬਰੀ ਮਿਲੀ ਹੈ। ਤਿੰਨੋਂ ਕਾਨੂੰਨ ਰੱਦ। 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ। ਉਨ੍ਹਾਂ ਦੀ ਸ਼ਹਾਦਤ ਅਮਰ ਰਹੇਗੀ। ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ ਕਿ ਕਿਵੇਂ ਇਸ ਦੇਸ਼ ਦੇ ਕਿਸਾਨਾਂ ਨੇ ਖੇਤੀ ਅਤੇ ਕਿਸਾਨੀ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਮੈਂ ਆਪਣੇ ਦੇਸ਼ ਦੇ ਕਿਸਾਨਾਂ ਨੂੰ ਸਲਾਮ ਕਰਦਾ ਹਾਂ।

ਕਾਲੇ ਕਾਨੂੰਨ ਰੱਦ ਹੋਣ ਦੀ ਖਬਰ ਸਾਰੇ ਪੰਜਾਬ ਲਈ ਖੁਸ਼ੀਆਂ ਭਰੀ- ਹਰਪਾਲ ਚੀਮਾ

ਤਿੰਨੋਂ ਕਾਲੇ ਕਾਨੂੰਨ ਰੱਦ ਹੋਣ ਦੀ ਖਬਰ ਸਾਰੇ ਪੰਜਾਬ ਲਈ ਖੁਸ਼ੀਆਂ ਭਰੀ ਹੈ। 700 ਤੋਂ ਵੱਧ ਸ਼ਹੀਦ ਹੋਏ ਕਿਸਾਨਾਂ ਦੀ ਸ਼ਹਾਦਤ ਅਮਰ ਰਹੇਗੀ। ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ ਕਿ ਕਿਵੇਂ ਇਸ ਦੇਸ਼ ਦੇ ਕਿਸਾਨਾਂ ਨੇ ਖੇਤੀ ਅਤੇ ਕਿਸਾਨੀ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਮੈਂ ਆਪਣੇ ਦੇਸ਼ ਦੇ ਕਿਸਾਨਾਂ ਨੂੰ ਸਲਾਮ ਕਰਦਾ ਹਾਂ।

ਦੇਸ਼ ਦਾ ਕਿਸਾਨ ਬੱਬਰ ਸ਼ੇਰ ਵਾਂਗ ਹੰਕਾਰੀ ਸਰਕਾਰ ਸਾਹਮਣੇ ਡਟਿਆ ਰਿਹਾ- ਰਾਘਵ ਚੱਢਾ

ਰਾਘਵ ਚੱਢਾ ਨੇ ਕਿਹਾ ਕਿ ਕਿਸਾਨਾਂ ਨੇ ਨਾ ਗਰਮੀ ਵੇਖੀ, ਨਾ ਠੰਡ ਵੇਖੀ, ਨਾ ਧੁੱਪ ਵੇਖੀ, ਨਾ ਛਾਂ ਵੇਖੀ। ਦੇਸ਼ ਦਾ ਕਿਸਾਨ ਬੱਬਰ ਸ਼ੇਰ ਵਾਂਗ ਇਕ ਹੰਕਾਰੀ ਸਰਕਾਰ ਦੇ ਸਾਹਮਣੇ ਡਟਿਆ ਰਿਹਾ। ਮੈਂ ਦੇਸ਼ ਦੇ ਅੰਨਦਾਤਾ ਨੂੰ ਵਧਾਈ ਦਿੰਦਾ ਹਾਂ, ਕਿ ਆਖ਼ਰ 'ਚ ਉਹਨਾਂ ਦੀ ਜਿੱਤ ਹੋਈ ਹੈ 'ਤੇ ਹੰਕਾਰੀ ਸਰਕਾਰ ਨੂੰ ਕਿਸਾਨਾਂ ਅੱਗੇ ਆਪਣੇ ਗੋਡੇ ਟੇਕਣੇ ਪਏ। ਇਸ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਵੀ ਕਿਸਾਨਾਂ ਦੀ ਜਿੱਤ ਲਈ ਉਹਨਾਂ ਨੂੰ ਵਧਾਈ ਦਿੱਤੀ।