ਨਾਬਾਲਿਗ ਲੜਕੀਆਂ ਨਾਲ ਬਲਾਤਕਾਰ ਅਤੇ ਵੀਡੀਓ ਵਾਇਰਲ ਕਰਨ ਦੇ ਦੋਸ਼ੀ ਪਤੀ-ਪਤਨੀ, ਮਿਲੀ ਦੂਹਰੀ ਉਮਰ ਕੈਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਹਿਲੀ ਘਟਨਾ 2016 ਵਿੱਚ ਵਾਪਰੀ ਸੀ

Image

 

ਕੋਚੀ - ਲਕਸ਼ਦੀਪ ਦੇ ਕਾਵਰੱਤੀ ਵਿਖੇ ਇੱਕ ਵਿਸ਼ੇਸ਼ ਪੋਸਕੋ ਅਦਾਲਤ ਨੇ ਦੋ ਨਾਬਾਲਗ ਲੜਕੀਆਂ ਨਾਲ ਬਲਾਤਕਾਰ ਦੇ ਦੋ ਮਾਮਲਿਆਂ ਵਿੱਚ ਇੱਕ ਜੋੜੇ ਨੂੰ ਦੂਹਰੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਵਿਸ਼ੇਸ਼ ਜੱਜ ਕੇ. ਅਨਿਲ ਕੁਮਾਰ ਨੇ ਸ਼ੁੱਕਰਵਾਰ ਨੂੰ ਲਕਸ਼ਦੀਪ ਨਿਵਾਸੀ ਮੂਸਾ ਕੁੰਨਾਗੋਠੀ ਅਤੇ ਉਸ ਦੀ ਪਤਨੀ ਨੂਰਜਹਾਂ ਬੰਦਰਗੋਠੀ ਨੂੰ 12 ਸਾਲ ਤੋਂ ਘੱਟ ਉਮਰ ਦੀਆਂ ਦੋ ਲੜਕੀਆਂ ਨਾਲ ਬਲਾਤਕਾਰ ਕਰਨ, ਅਤੇ ਘਿਨਾਉਣੀ ਕਰਤੂਤ ਦਾ ਵੀਡੀਓ ਬਣਾ ਕੇ ਅਸ਼ਲੀਲ ਫ਼ਿਲਮ ਦੇ ਰੂਪ ਵਿੱਚ ਪ੍ਰਸਾਰਿਤ ਕਰਨ ਦਾ ਦੋਸ਼ੀ ਪਾਇਆ।

ਪਹਿਲੀ ਘਟਨਾ 2016 ਵਿੱਚ ਵਾਪਰੀ ਸੀ।

ਅਦਾਲਤੀ ਸੂਤਰਾਂ ਨੇ ਕਿਹਾ, “ਦੋਸ਼ੀ ਨੰਬਰ ਦੋ ਨੇ ਇੱਕ ਲੜਕੀ ਨੂੰ ਵਰਗਲਾਉਣ ਤੋਂ ਬਾਅਦ ਅਗਵਾ ਕੀਤਾ, ਉਸ ਨੂੰ ਆਪਣੇ ਬੈੱਡਰੂਮ ਵਿਚ ਬੰਦ ਰੱਖਿਆ ਅਤੇ ਪਹਿਲੇ ਦੋਸ਼ੀ ਨੂੰ ਉਸ ਨਾਲ ਬਲਾਤਕਾਰ ਕਰਨ ਲਈ ਉਕਸਾਇਆ। ਦੋਸ਼ੀਆਂ ਨੇ ਅਸ਼ਲੀਲ ਫ਼ਿਲਮ ਵਜੋਂ ਪ੍ਰਸਾਰਿਤ ਕਰਨ ਦੇ ਮੰਤਵ ਨਾਲ ਬਲਾਤਕਾਰ ਦੀ ਵੀਡੀਓ ਬਣਾਈ। ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ।

ਅਦਾਲਤ ਨੇ ਕੁੰਨਾਗੋਠੀ ਨੂੰ ਭਾਰਤੀ ਦੰਡਾਵਲੀ (ਆਈ.ਪੀ.ਸੀ.) ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਸਕੋ) ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ 15 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਨਾਲ 2,20,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।

ਇਸ ਦੌਰਾਨ ਬੰਦਰਗੋਠੀ ਨੂੰ ਆਈ.ਪੀ.ਸੀ. ਅਤੇ ਪੋਕਸੋ ਐਕਟ ਤਹਿਤ 20 ਸਾਲ ਦੀ ਕੈਦ ਅਤੇ 2,30,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।

ਅਦਾਲਤ ਨੇ ਨੋਟ ਕੀਤਾ ਕਿ ਦੂਜਾ ਮਾਮਲਾ ਬੰਦਰਗੋਠੀ ਦੇ ਇਕਬਾਲੀਆ ਬਿਆਨ ਦੇ ਆਧਾਰ 'ਤੇ ਦਰਜ ਕੀਤਾ ਗਿਆ ਸੀ।

ਦੂਜੇ ਮਾਮਲੇ ਵਿੱਚ ਅਦਾਲਤ ਨੇ ਕੁੰਨਾਗੋਠੀ ਨੂੰ 10 ਸਾਲ ਦੀ ਕੈਦ ਅਤੇ 2,15,000 ਰੁਪਏ ਜੁਰਮਾਨਾ, ਜਦੋਂਕਿ ਬੰਦਰਗੋਠੀ ਨੂੰ 15 ਸਾਲ ਦੀ ਕੈਦ ਅਤੇ 2,25,000 ਰੁਪਏ ਜੁਰਮਾਨਾ ਕੀਤਾ ਹੈ।