ਇੱਕ ਪਾਸੇ ਕੇਜਰੀਵਾਲ ਨੇ ਮੁਫ਼ਤ ਵਾਈ-ਫਾਈ ਸੇਵਾ ਕੀਤੀ ਸ਼ੁਰੂ, ਦੂਜੇ ਪਾਸੇ ਇੰਟਰਨੈੱਟ ਹੋਇਆ ਬੰਦ!

ਏਜੰਸੀ

ਖ਼ਬਰਾਂ, ਰਾਸ਼ਟਰੀ

ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਹੋ ਰਹੇ ਹਨ ਪ੍ਰਦਰਸ਼ਨ

Photo

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਵੀਰਵਾਰ ਨੂੰ ਰਾਜਧਾਨੀ ਦਿੱਲੀ ਵਿਚ ਫਰੀ ਵਾਈ-ਫਾਈ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਮੌਕੇ 'ਤੇ ਕੇਜਰੀਵਾਲ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਕੀਤੇ ਜਾ ਰਹੇ ਪ੍ਰਦਰਸ਼ਨਾ ਦੇ ਚੱਲਦੇ ਅੱਜ ਦੇ ਦਿਨ ਹੀ ਦਿੱਲੀ ਵਿਚ ਅਧਿਕਾਰੀਆਂ ਨੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆ ਹਨ।

ਸੋਧ ਕੀਤੇ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿਚ ਪ੍ਰਦਰਸ਼ਨਾ ਦੇ ਚੱਲਦੇ ਰਾਸ਼ਟਰੀ ਰਾਜਧਾਨੀ ਦੇ ਕੁੱਝ ਹਿੱਸਿਆ ਵਿਚ ਮੋਬਾਇਲ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਕੇਜਰੀਵਾਲ ਨੇ ਕਿਹਾ ਹੈ ਕੇ ਦੇਸ਼ ਵਿਚ ਲੋਕ ਡਰੇ ਹੋਏ ਹਨ ਕਿਉਂਕਿ ਲਗਭਗ 70 ਫ਼ੀਸਦੀ ਲੋਕਾਂ ਦੇ ਕੋਲ ਨਾਗਰਿਕਤਾ ਸਾਬਤ ਕਰਨ ਦੇ ਲਈ ਕੋਈ ਦਸਤਾਵੇਜ਼ ਨਹੀਂ ਹੈ।

ਕੇਜਰੀਵਾਲ ਨੇ ਟਵੀਟ ਕਰਦੇ ਹੋਏ ਕਿਹਾ ਕਿ ''ਅੱਜ ਮੈ ਅਤੇ ਮਨੀਸ਼ ਜੀ ਨੇ ਦਿੱਲੀ ਸਰਕਾਰ ਦੇ ਮੁਫ਼ਤ ਵਾਈ-ਫਾਈ ਦੇ ਜ਼ਰੀਏ ਵੀਡੀਓ ਕਾਲ 'ਤੇ ਗੱਲ ਕੀਤੀ- ਮੈ ITO 'ਤੇ ਸੀ ਅਤੇ ਮਨੀਸ਼ ਜੀ DU ਮੈਟਰੋ 'ਤੇ। 11,000 ਵਾਈ-ਫਾਈ ਹੋਟਸਪੋਟ ਦੇ ਨਾਲ ਪੂਰੀ ਦਿੱਲੀ ਕਵਰ ਹੋਵੇਗੀ। ਦਿੱਲੀ ਨੂੰ ਇਕ ਮਾਡਰਨ ਵਰਲਡ ਕਲਾਸ ਸ਼ਹਿਰ ਬਣਾਉਣ ਦੇ ਲਈ ਇਹ ਬਹੁਤ ਵੱਡਾ ਕਦਮ ਹੈ''।

ਅਰਵਿੰਦ ਕੇਜਰੀਵਾਲ ਨੇ ਕਿਹਾ ਨਾਗਰਿਕਤਾ ਸੋਧ ਕਾਨੂੰਨ ਦੀ ਕੋਈ ਜ਼ਰੂਰਤ ਨਹੀਂ ਹੈ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਵਾਉਣ 'ਤੇ ਧਿਆਨ ਦੇਣ। ਦੱਸ ਦਈਏ ਕਿ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਦਿੱਲੀ ਵਿਚ ਕਈ ਥਾਵਾਂ 'ਤੇ ਪ੍ਰਦਰਸ਼ਨ ਹੋ ਰਹੇ ਹਨ।