ਹਿੰਸਕ ਪ੍ਰਦਰਸ਼ਨਾਂ ਨੂੰ ਲੈ ਕੇ ਗ੍ਰਹਿ ਮੰਤਰਾਲਾ ਆਇਆ ਹਰਕਤ 'ਚ, ਬੁਲਾਈ ਮੀਟਿੰਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਥਿਤੀ 'ਤੇ ਕਾਬੂ ਪਾਉਣ ਸਬੰਧੀ ਹੋਣਗੀਆਂ ਵਿਚਾਰਾਂ

file photo

ਨਵੀਂ ਦਿੱਲੀ : ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਦੇਸ਼ ਭਰ 'ਚ ਰੋਸ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ। ਇਹ ਰੋਸ ਪ੍ਰਦਰਸ਼ਨ ਕਈ ਥਾਈ ਹਿੰਸਕ ਰੁਖ ਅਖਤਿਆਰ ਕਰਦੇ ਜਾ ਰਹੇ ਹਨ। ਇਸ ਨੂੰ ਲੈ ਕ ਗ੍ਰਹਿ ਮੰਤਰਾਲੇ ਨੇ ਮੀਟਿੰਗ ਬੁਲਾ ਲਈ ਹੈ। ਵੀਰਵਾਰ ਸ਼ਾਮ ਨੂੰ ਹੋਣ ਵਾਲੀ ਇਸ ਮੀਟਿੰਗ 'ਚ ਦੇਸ਼ ਦੀ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾਵੇਗੀ।

ਅਧਿਕਾਰੀਆਂ ਨੇ ਦਸਿਆ ਕਿ ਮੀਟਿੰਗ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜਿਤ ਡੋਭਾਲ, ਕੇਂਦਰੀ ਗ੍ਰਹਿ ਰਾਜ ਮੰਤਰੀ ਕਿਸ਼ਨ ਰੈੱਡੀ ਅਤੇ ਕੇਂਦਰੀ ਗ੍ਰਹਿ ਸਕੱਤਰ ਅਜੇ ਕੁਮਾਰ ਭੱਲਾ ਦੇ ਸ਼ਾਮਲ ਹੋਣ ਦੇ ਅਸਾਰ ਹਨ।

ਦੱਸ ਦਈਏ ਕਿ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਦੇਸ਼ ਭਰ 'ਚ ਰੋਸ ਪ੍ਰਦਰਸ਼ਨ ਜਾਰੀ ਹਨ। ਇਸ ਦੌਰਾਨ ਕਈ ਥਾਈ ਹਿੰਸਕ ਘਟਨਾਵਾ ਵੀ ਸਾਹਮਣੇ ਆ ਰਹੀਆਂ ਹਨ। ਪੂਰਬ ਉਤਰ ਦੇ ਰਾਜਾਂ ਵਿਚ ਪ੍ਰਦਰਸ਼ਨ ਦੌਰਾਨ ਹਿੰਸਕ ਘਟਨਾਵਾਂ ਵਾਪਰੀਆਂ ਸਨ। ਪਰ ਹੁਣ ਦਿੱਲੀ ਸਮੇਤ ਉੱਤਰ ਪ੍ਰਦੇਸ਼ ਜਿਹੇ ਸੂਬਿਆਂ ਵਿਚ ਵੀ ਹਿੰਸਕ ਘਟਨਾਵਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।

ਪ੍ਰਦਰਸ਼ਨਕਾਰੀਆਂ ਨੇ ਲਖਨਊ 'ਚ ਪੁਲਿਸ ਚੌਂਕੀਆਂ ਅਤੇ ਬਸਾਂ ਨੂੰ ਅੱਗ ਹਵਾਲੇ ਕਰ ਦਿਤਾ ਹੈ। ਇਸ ਦਰਮਿਆਨ ਗ੍ਰਹਿ ਮੰਤਰਾਲ ਨੇ ਕਾਨੂੰਨ ਵਿਵਸਥਾ ਤੇ ਸੁਰੱਖਿਆ ਦੇ ਮੁੱਦੇ 'ਤੇ ਵਿਚਾਰ ਕਰਨ ਹਿਤ ਮੀਟਿੰਗ ਬੁਲਾ ਲਈ ਹੈ। ਇਸ ਰਿਵਿਊ ਮੀਟਿੰਗ ਦੌਰਾਨ ਮੌਜੂਦਾ ਸਥਿਤੀ 'ਤੇ ਕਾਬੂ ਪਾਉਣ ਦੇ ਢੰਗ ਤਰੀਕਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।