ਰੋਸ ਪ੍ਰਦਰਸ਼ਨਾਂ ਨੇ ਰੋਕੀ ਜ਼ਿੰਦਗੀ ਦੀ ਰਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਗੁਰੂ ਗਰਾਮ 'ਚ ਲੱਗਿਆ 5 ਕਿਲੋਮੀਟਰ ਲੰਮਾ ਜਾਮ

file photo

ਦਿੱਲੀ : ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਦੇਸ਼ ਭਰ ਅੰਦਰ ਰੋਸ ਪ੍ਰਦਰਸ਼ਨ ਜਾਰੀ ਹੈ। ਇਸ ਕਾਰਨ ਜਿੱਥੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਹੋ ਰਿਹਾ ਹੈ ਉੱਥੇ ਸੜਕੀ ਆਵਾਜਾਈ 'ਤੇ ਵੀ ਇਸ ਦਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਦਿੱਲੀ ਨੇੜਲੇ ਗੁਰੂਗਰਾਮ 'ਚ ਅੱਜ 4 ਤੋਂ 5 ਕਿਲੋਮੀਟਰ ਲੰਮਾ ਜਾਮ ਲੱਗ ਗਿਆ। ਇਸ ਜਾਮ 'ਚ ਵੱਡੀ ਗਿਣਤੀ ਲੋਕ ਕਈ ਘੰਟੇ ਤਕ ਫਸੇ ਰਹੀ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਦਿੱਲੀ ਵਿਖੇ ਰੋਸ ਪ੍ਰਦਰਸ਼ਨਾਂ ਦਾ ਦੋਰ ਜਾਰੀ ਹੈ। ਇਸੇ ਤਹਿਤ ਪੁਲਿਸ ਵਲੋਂ ਗੁਰੂ ਗਰਾਮ ਤੋਂ ਦਿੱਲੀ ਜਾ ਰਹੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਕਾਰਨ ਗੁਰੂਗਰਾਮ 'ਚ 4 ਤੋਂ 5 ਕਿਲੋਮੀਟਰ ਲੰਮਾ ਜਾਮ ਲੱਗ ਗਿਆ ਹੈ। ਇਹ ਜਾਮ ਸਵੇਰ ਤੋਂ ਹੀ ਲੱਗਣਾ ਸ਼ੁਰੂ ਹੋ ਗਿਆ ਸੀ। ਭਾਰਤ ਬੰਦ ਦੇ ਸ਼ੰਕਿਆਂ ਦਰਮਿਆਨ ਦਿੱਲੀ ਪੁਲਿਸ ਨੇ ਪਹਿਲਾਂ ਬਾਰਡਾਰ ਸੀਲ ਕਰ ਦਿਤਾ ਸੀ। ਬਾਅਦ 'ਚ ਭਾਵੇਂ ਪੁਲਿਸ ਨੇ ਬਾਰਡਰ ਤਾਂ ਖੋਲ੍ਹ ਦਿਤਾ ਪਰ ਦਿੱਲੀ 'ਚ ਸ਼ਾਮਲ ਹੋਣ ਵਾਲੇ ਵਾਹਨਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਵਜ੍ਹਾ ਨਾਲ ਇਸ ਸੜਕ 'ਤੇ ਵੱਡਾ ਜਾਮ ਲੱਗ ਗਿਆ।

ਉਧਰ ਵਾਹਨਾਂ ਦੀ ਭਾਰੀ ਭੀੜ ਨੂੰ ਵੇਖਦਿਆਂ ਗੁਰੂ ਗਰਾਮ ਪੁਲਿਸ ਨੇ ਵੀ ਇਲਾਕੇ 'ਚ ਭਾਰੀ ਵਾਹਨਾਂ ਦਾ ਦਾਖ਼ਲਾ ਬੰਦ ਕਰ ਦਿਤਾ। ਵਾਹਨਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਭੇਜ ਕੇ ਆਵਾਜਾਈ ਨੂੰ ਦਰੁਸਤ ਕਰਨ ਲਈ ਪੁਲਿਸ ਨੂੰ ਭਾਰੀ ਮੁਸ਼ੱਕਤ ਕਰਨੀ ਪਈ। ਦੱਸ ਦਈਏ ਕਿ ਵੱਡੀ ਗਿਣਤੀ ਲੋਕ ਦੂਜੇ ਰਾਜਾਂ ਨੂੰ ਜਾਣ ਲਈ ਗੁਰੂ ਗਰਾਮ ਵਾਇਆ ਦਿੱਲੀ ਹੋ ਕੇ ਜਾਂਦੇ ਹਨ। ਅਚਾਨਕ ਲੱਗੇ ਜਾਮ 'ਚ ਐਬੂਲੈਂਸਾਂ ਤੋਂ ਇਲਾਵਾ ਏਅਰ ਪੋਰਟ ਜਾਣ ਵਾਲੇ ਲੋਕ ਵੀ ਫਸੇ ਰਹੇ।