ਸੜਕੀ ਸੁਰੱਖਿਆ ਢੰਗ ਤਰੀਕਿਆਂ 'ਚ ਵੱਡੇ ਬਦਲਾਅ ਦੀ ਲੋੜ : ਅਰੁਨਾ ਚੌਧਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੜਕ ਸੁਰੱਖਿਆ ਦੇ ਢੰਗ ਤਰੀਕਿਆਂ ਵਿੱਚ ਵੱਡੇ ਬਦਲਾਅ ਲਿਆਉਣ ਦੀ ਲੋੜ ਹੈ। ਇਹ ਗੱਲ ਪੰਜਾਬ ਦੀ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ.............

Aruna Chaudhary

ਚੰਡੀਗੜ੍ਹ : ਸੜਕ ਸੁਰੱਖਿਆ ਦੇ ਢੰਗ ਤਰੀਕਿਆਂ ਵਿੱਚ ਵੱਡੇ ਬਦਲਾਅ ਲਿਆਉਣ ਦੀ ਲੋੜ ਹੈ। ਇਹ ਗੱਲ ਪੰਜਾਬ ਦੀ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਇਥੇ ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕਹੀ। ਸ੍ਰੀਮਤੀ ਚੌਧਰੀ ਨੇ ਦੱਸਿਆ ਕਿ 'ਈ-ਚਲਾਨ ਮਸ਼ੀਨਾਂ' ਦਾ ਇਸਤੇਮਾਲ ਸ਼ੁਰੂ ਕੀਤਾ ਜਾਵੇਗਾ ਅਤੇ ਇਹ ਮਸ਼ੀਨਾਂ ਐਨ.ਆਈ.ਸੀ. ਦੇ ਸਾਫਟਵੇਅਰ ਅਤੇ ਇੰਟਰਨੈੱਟ ਨਾਲ ਜੁੜੀਆਂ ਹੋਣਗੀਆਂ ਜਿਸ ਨਾਲ ਫੀਲਡ ਸਟਾਫ ਦੇ ਪੱਧਰ ਉੱਤੇ ਭ੍ਰਿਸ਼ਟਾਚਾਰ ਦੀ ਸੰਭਾਵਨਾ ਨੂੰ ਨੱਥ ਪਵੇਗੀ। ਸ਼ਰਾਬ ਦੀ ਮਾਤਰਾ ਮਾਪਣ ਵਾਲੇ ਯੰਤਰਾ ਦੀ ਖਰੀਦ ਵੀ ਕੀਤੀ ਜਾਵੇਗੀ

ਜੋ ਆਜ਼ਾਦਾਨਾ ਤੌਰ 'ਤੇ ਐਨ.ਆਈ.ਸੀ. ਸਰਵਰ ਦੀ ਈ-ਚਲਾਨ ਐਪਲੀਕੇਸ਼ਨ ਨਾਲ ਜੁੜੇ ਹੋਣਗੇ। ਸੜਕੀ ਹਾਦਸਿਆਂ ਵਿੱਚ ਮੌਤਾਂ ਦਾ ਇੱਕ ਹੋਰ ਵੱਡਾ ਕਾਰਨ ਤੇਜ਼ ਰਫਤਾਰੀ ਨੂੰ ਦੱਸਦੇ ਹੋਏ  ਸ੍ਰੀਮਤੀ ਚੌਧਰੀ ਨੇ ਦੱਸਿਆ ਕਿ 6 ਮਾਰਗੀ ਕੌਮੀ ਸ਼ਾਹਰਾਹਾਂ ਉੱਤੇ ਵਾਹਨਾਂ ਦੀ ਰਫਤਾਰ ਨੂੰ ਮਾਪਣ ਲਈ ਅਤਿ-ਆਧੁਨਿਕ ਯੰਤਰਾਂ ਦੀ ਖਰੀਦ ਕੀਤੀ ਜਾਵੇਗੀ। ਲੋੜੀਂਦੇ ਸਥਾਨਾਂ ਉੱਤੇ ਰਫਤਾਰ ਮਾਪਣ ਵਾਲੇ ਅਤੇ ਡਿਸਪਲੇਅ ਬੋਰਡਾਂ ਨੂੰ ਸਥਾਪਿਤ ਕਰਨ ਬਾਰੇ ਵੀ ਗਹਿਰਾਈ ਨਾਲ ਵਿਚਾਰ ਕੀਤਾ ਜਾਵੇਗਾ।

ਓਵਰ-ਲੋਡਿੰਗ ਨੂੰ ਇੱਕ ਗੰਭੀਰ ਸਮੱਸਿਆ ਦੱਸਦੇ ਹੋਏ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਇਸ ਨਾਲ ਨਜਿੱਠਣ ਲਈ ਆਟੋਮੇਟਿਡ ਭਾਰ ਤੋਲਕ ਉਪਕਰਣ ਮਹੱਤਵਪੂਰਨ ਸਥਾਨਾਂ ਜਿਵੇਂ ਕਿ ਰੇਤਾ ਤੇ ਬਜਰੀ ਦੀਆਂ ਖੱਡਾਂ ਦੇ ਨੇੜੇ ਸਥਾਪਿਤ ਕੀਤੇ ਜਾਣਗੇ ਅਤੇ ਇਹ ਐਨ.ਆਈ.ਸੀ. ਨਾਲ ਜੁੜੇ ਹੋਣਗੇ। ਮੀਟਿੰਗ ਵਿੱਚ ਕੈਮਰਿਆਂ ਅਤੇ ਹਾਦਸਿਆਂ ਦਾ ਸ਼ਿਕਾਰ ਬਣੇ ਵਾਹਨਾਂ ਨੂੰ ਕੱਟਣ ਲਈ ਆਧੁਨਿਕ ਉਪਕਰਣ ਖਰੀਦਣ ਬਾਰੇ ਵੀ ਗੰਭੀਰਤਾ ਨਾਲ ਵਿਚਾਰ ਚਰਚਾ ਹੋਈ।