ਜੇ ਕਹਿੰਦੇ ਹੋ ਫੰਡਿੰਗ ਹੋ ਰਹੀ ਤਾਂ ਟਿਕਟਾਂ ਕਰਾ ਦਿੰਦੇ ਹਾਂ ਆ ਕੇ ਦੇਖ ਲਓ- ਗੁਰਜੀਤ ਦੀ ਚੇਤਾਵਨੀ
ਕਿਸਾਨੀ ਸੰਘਰਸ਼ ਨੂੰ ਹਮਾਇਤ ਦੇਣ ਦਿੱਲੀ ਪਹੁੰਚੇ ਗੁਰਜੀਤ
ਨਵੀਂ ਦਿੱਲੀ (ਅਰਪਨ ਕੌਰ): ਦਿੱਲੀ ਵਿਚ ਕਿਸਾਨਾਂ ਦੇ ਇਤਿਹਾਸਕ ਸੰਘਰਸ਼ ਨੂੰ ਹਮਾਇਤ ਦੇਣ ਪੰਜਾਬੀ ਮਨੋਰੰਜਨ ਜਗਤ ਦੀਆਂ ਕਈ ਹਸਤੀਆਂ ਮੋਰਚੇ ‘ਤੇ ਪਹੁੰਚ ਰਹੀਆਂ ਹਨ। ਇਸ ਦੌਰਾਨ ਪੰਜਾਬੀ ਅਦਾਕਾਰ ਤੇ ਐਂਕਰ ਗੁਰਜੀਤ ਸਿੰਘ ਵੀ ਦਿੱਲੀ ਪਹੁੰਚੇ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਗੁਰਜੀਤ ਨੇ ਕਿਹਾ ਕਿ ਵਾਹਿਗੁਰੂ ਦੀ ਕਿਰਪਾ ਹੈ ਕਿ ਇੰਨੀ ਠੰਢ ਵਿਚ ਵੀ ਅਸੀਂ ਮੋਰਚਾ ਲਾ ਕੇ ਬੈਠੇ ਹਾਂ।
ਉਹਨਾਂ ਕਿਹਾ ਕਿ ਇਸੇ ਠੰਢ ਵਿਚ ਛੋਟੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਪਾਈ ਸੀ ਤੇ ਹੁਣ ਕਿਸਾਨ ਵੀ ਹੱਕ ਤੇ ਸੱਚ ਲਈ ਡਟੇ ਹੋਏ ਹਨ। ਇਸ ਤੋਂ ਵੱਡੀ ਮਿਸਾਲ ਦੁਨੀਆਂ ਭਰ ਵਿਚ ਨਹੀਂ ਮਿਲਦੀ। ਗੁਰਜੀਤ ਨੇ ਦਿੱਲੀ ਚਲੋ ਮੁਹਿੰਮ ਦੌਰਾਨ ਪੰਜਾਬੀ ਨੌਜਵਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਵਾਲੇ ਹਰਿਆਣੇ ਦੇ ਨੌਜਵਾਨਾਂ ਦਾ ਧੰਨਵਾਦ ਕੀਤਾ। ਉਹਨਾਂ ਨੌਜਵਾਨਾਂ ਦੇ ਜੋਸ਼ ਤੇ ਸਬਰ ਨੂੰ ਸਲਾਮ ਕੀਤਾ।
ਗੁਰਜੀਤ ਨੇ ਦੱਸਿਆ ਕਿ ਜ਼ਿਲ੍ਹਾ ਰੋਪੜ ਦੇ ਪਿੰਡ ਸੰਗਤਪੁਰਾ ਦੇ ਰਹਿਣ ਵਾਲੇ ਹਨ ਤੇ ਉਹਨਾਂ ਦਾ ਪਰਿਵਾਰ ਕਿਸਾਨੀ ਨਾਲ ਜੁੜਿਆ ਹੋਇਆ ਹੈ। ਆੜਤੀਆ ਬਾਰੇ ਗੱਲ਼ ਕਰਦਿਆਂ ਗੁਰਜੀਤ ਨੇ ਕਿਹਾ ਕਿ ਉਹਨਾਂ ਨੇ ਕਰੀਬ ਤੋਂ ਦੇਖਿਆ ਹੈ ਕਿ ਆੜਤੀਆ ਕਿਸਾਨਾਂ ਲਈ ਬਹੁਤ ਮਾਇਨੇ ਰੱਖਦਾ ਹੈ ਤੇ ਉਹ ਕਿਸਾਨਾਂ ਲਈ ਏਟੀਐਮ ਤੋਂ ਕਿਤੇ ਵੱਧ ਹੈ।
ਗੁਰਜੀਤ ਨੇ ਕਿਸਾਨੀ ਸੰਘਰਸ਼ ‘ਚ ਯੋਗਦਾਨ ਦੇ ਰਹੇ ਪੰਜਾਬੀ ਗਾਇਕਾਂ ਦੀ ਸ਼ਲਾਘਾ ਕੀਤੀ। ਉਹਨਾਂ ਨੇ ਸਾਰਿਆਂ ਨੂੰ ਗੁਰਦੁਆਰਾ ਸਾਹਿਬ, ਮੰਦਰ, ਮਸਜਿਦ ਜਾ ਕੇ ਪ੍ਰਮਾਤਮਾ ਅੱਗੇ ਅਰਦਾਸ ਕਰਨ ਦੀ ਅਪੀਲ ਕੀਤੀ ਤਾਂ ਜੋ ਪ੍ਰਧਾਨ ਮੰਤਰੀ ਕਿਸਾਨਾਂ ਦੀ ਗੰਭੀਰਤਾ ਨੂੰ ਸਮਝਣ। ਗੁਰਜੀਤ ਨੇ ਕਿਹਾ ਕਿ ਸਾਡੇ ਕੋਲ ਸਭ ਤੋਂ ਵੱਡੀ ਤਾਕਤ ਕਲਮ ਦੀ ਤਾਕਤ ਹੈ ਤੇ ਸਾਨੂੰ ਕਿਸਾਨਾਂ ਲ਼ਈ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਭਗਤ ਸਿੰਘ ਨੂੰ ਯਾਦ ਕਰੋ ਤੇ ਉਹਨਾਂ ਦੀ ਸੋਚ ‘ਤੇ ਪਹਿਰਾ ਦਿਓ।
ਗੁਰਜੀਤ ਨੇ ਦੱਸਿਆ ਕਿ ਅਪਣੇ ਨੌਜਵਾਨਾਂ ਨੂੰ ਭੜਕਾਉਣ ਲਈ ਬਹੁਤ ਸਾਜ਼ਿਸ਼ਾਂ ਹੋ ਰਹੀਆਂ ਹਨ ਪਤ ਇਹ ਨੌਜਵਾਨ ਕਦੀ ਨਹੀਂ ਭਟਕਣਗੇ। ਵਿਰੋਧੀਆਂ ਨੂੰ ਜਵਾਬ ਦਿੰਦਿਆਂ ਗੁਰਜੀਤ ਨੇ ਕਿਹਾ ਕਿ ਜੇਕਰ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੂੰ ਫੰਡਿੰਗ ਕੀਤੀ ਜਾ ਰਹੀ ਹੈ ਤਾਂ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਆ ਕੇ ਦੇਖੋ, ਜੇ ਕੋਈ ਜਹਾਜ਼ ਰਾਹੀਂ ਆ ਕੇ ਵੀ ਦੇਖਣਾ ਚਾਹੁੰਦਾ ਹੈ ਤਾਂ ਉਸ ਲਈ ਅਸੀਂ ਟਿਕਟਾਂ ਵੀ ਕਰਾ ਦਿੰਦੇ ਹਾਂ। ਉਹਨਾਂ ਕਿਹਾ ਕਿ ਇਹ ਫੰਡਿੰਗ ਸਾਨੂੰ ਅਰਸਿਆਂ ਤੋਂ ਹੁੰਦੀ ਆ ਰਹੀ ਹੈ।