ਫ਼ਰਾਂਸ ਦੇ ਨਵੀਂ ਦਿੱਲੀ ਦੂਤਾਵਾਸ 'ਚੋਂ 64 ਲੋਕਾਂ ਦੇ ਸ਼ੈਨੇਗਨ ਵੀਜ਼ਾ ਸੰਬੰਧੀ ਫ਼ਾਈਲਾਂ 'ਗ਼ਾਇਬ'

ਏਜੰਸੀ

ਖ਼ਬਰਾਂ, ਰਾਸ਼ਟਰੀ

ਵੀਜ਼ਾ ਧੋਖਾਧੜੀ ਤਹਿਤ ਮਾਮਲਾ ਸੀ.ਬੀ.ਆਈ. ਦੇ ਹੱਥ 

Image

 

ਨਵੀਂ ਦਿੱਲੀ - ਫਰੈਂਚ ਦੂਤਾਵਾਸ ਤੋਂ 64 ਲੋਕਾਂ ਦੇ ਸ਼ੈਨੇਗੇਨ ਵੀਜ਼ਾ ਨਾਲ ਸੰਬੰਧਿਤ ਫ਼ਾਈਲਾਂ 'ਗਾਇਬ' ਹੋ ਗਈਆਂ ਹਨ, ਜਿਨ੍ਹਾਂ ਨੂੰ ਕਥਿਤ ਤੌਰ 'ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਵੀਜ਼ਾ ਜਾਰੀ ਕੀਤਾ ਗਿਆ ਸੀ। ਇਹ ਜਾਣਕਾਰੀ ਸੋਮਵਾਰ ਨੂੰ ਅਧਿਕਾਰੀਆਂ ਨੇ ਦਿੱਤੀ।

ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਵੀਜ਼ਾ ਧੋਖਾਧੜੀ ਦੇ ਇੱਕ ਕਥਿਤ ਮਾਮਲੇ ਵਿੱਚ ਇੱਥੇ ਫ਼ਰਾਂਸੀਸੀ ਦੂਤਾਵਾਸ ਦੇ ਦੋ ਸਾਬਕਾ ਕਰਮਚਾਰੀਆਂ ਸਮੇਤ ਕਈ ਲੋਕਾਂ ਖ਼ਿਲਾਫ਼ ਐਫ਼.ਆਈ.ਆਰ. ਦਰਜ ਕੀਤੀ। ਏਜੰਸੀ ਨੇ ਦੋਸ਼ ਲਗਾਇਆ ਸੀ ਕਿ ਦੂਤਾਵਾਸ ਦੇ ਵੀਜ਼ਾ ਵਿਭਾਗ ਦੇ ਸਾਬਕਾ ਕਰਮਚਾਰੀ ਸ਼ੁਭਮ ਸ਼ੌਕੀਨ ਅਤੇ ਆਰਤੀ ਮੰਡਲ ਨੇ ਜਨਵਰੀ ਤੋਂ ਮਈ ਦਰਮਿਆਨ ਹੋਰ ਲੋਕਾਂ ਨਾਲ ਮਿਲ ਕੇ ਸਾਜ਼ਿਸ਼ ਰਚ ਕੇ ਧੋਖਾਧੜੀ ਨਾਲ ਉਨ੍ਹਾਂ ਲੋਕਾਂ ਨੂੰ ਵੀਜ਼ੇ ਜਾਰੀ ਕੀਤੇ ਜੋ ਉਸ ਦੇ ਯੋਗ ਨਹੀਂ ਸਨ। ਵੀਜ਼ਾ ਸੰਬੰਧੀ ਮਨਜ਼ੂਰੀ ਦੇਣ ਬਦਲੇ ਉਨ੍ਹਾਂ ਨੇ ਲੋਕਾਂ ਤੋਂ ਕਥਿਤ ਤੌਰ 'ਤੇ ਪ੍ਰਤੀ ਵੀਜ਼ਾ 50 ਹਜ਼ਾਰ ਰੁਪਏ ਲਏ ਅਤੇ 32 ਲੱਖ ਰੁਪਏ ਕਮਾਏ।

ਅਧਿਕਾਰੀਆਂ ਨੇ ਦੱਸਿਆ ਕਿ ਸ਼ੌਕੀਨ ਅਤੇ ਮੰਡਲ ਨੇ 1 ਜਨਵਰੀ ਤੋਂ 6 ਮਈ ਦਰਮਿਆਨ ਵੀਜ਼ਾ-ਸੰਬੰਧਿਤ 484 ਫ਼ਾਈਲਾਂ 'ਤੇ ਕੰਮ ਕੀਤਾ, ਜਿਨ੍ਹਾਂ ਵਿੱਚੋਂ 64 ਉਨ੍ਹਾਂ ਲੋਕਾਂ ਨਾਲ ਜੁੜੀਆਂ ਸਨ, ਜਿਨ੍ਹਾਂ ਦਾ ਕਥਿਤ ਤੌਰ 'ਤੇ ਦੇਸ਼ ਛੱਡ ਕੇ ਜਾਣ ਦਾ ਖ਼ਤਰਾ ਵੱਧ ਸੀ। ਇਨ੍ਹਾਂ ਵਿੱਚ ਪੰਜਾਬ ਦੇ ਨੌਜਵਾਨ ਕਿਸਾਨ ਜਾਂ ਬੇਰੁਜ਼ਗਾਰ ਲੋਕ ਸ਼ਾਮਲ ਹਨ ਜਿਨ੍ਹਾਂ ਨੇ ਪਹਿਲਾਂ ਕਦੇ ਵੀ ਵਿਦੇਸ਼ ਯਾਤਰਾ ਨਹੀਂ ਕੀਤੀ ਅਤੇ ਸ਼ੈਨੇਗੇਨ ਵੀਜ਼ਾ ਪ੍ਰਾਪਤ ਕਰਨ ਦੇ ਯੋਗ ਨਹੀਂ ਸਨ।

ਏਜੈਂਸੀ ਨੂੰ ਸ਼ੱਕ ਹੈ ਕਿ ਮੰਡਲ ਅਤੇ ਸ਼ੌਕੀਨ ਨੇ ਕਥਿਤ ਤੌਰ 'ਤੇ  ਆਪਣੀਆਂ ਗ਼ੈਰ-ਕਨੂੰਨੀ ਗਤੀਵਿਧੀਆਂ ਦੇ ਸਬੂਤ ਮਿਟਾਉਣ ਵਾਸਤੇ ਵੀਜ਼ਾ ਵਿਭਾਗ ਦੇ ਦਸਤਾਵੇਜ਼ਾਂ ਅਤੇ ਫ਼ਾਈਲਾਂ ਨਸ਼ਟ ਕਰ ਦਿੱਤੀਆਂ। 

ਸੀ.ਬੀ.ਆਈ. ਨੇ ਇਸ ਸੰਬੰਧ ਵਿੱਚ ਪਿਛਲੇ ਸ਼ੁੱਕਰਵਾਰ ਨੂੰ ਦਿੱਲੀ, ਪਟਿਆਲਾ, ਗੁਰਦਾਸਪੁਰ ਅਤੇ ਜੰਮੂ ਵਿੱਚ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਕਈ ਦਸਤਾਵੇਜ਼, ਇਲੈਕਟ੍ਰਾਨਿਕ ਸਬੂਤ ਜਿਵੇਂ ਕਿ ਲੈਪਟਾਪ, ਮੋਬਾਈਲ ਫ਼ੋਨ ਅਤੇ ਸ਼ੱਕੀ ਪਾਸਪੋਰਟ ਆਦਿ ਬਰਾਮਦ ਕੀਤੇ ਗਏ।

ਐਫ.ਆਈ.ਆਰ. ਵਿੱਚ ਏਜੈਂਸੀ ਨੇ ਜੰਮੂ-ਕਸ਼ਮੀਰ ਦੇ ਨਵਜੋਤ ਸਿੰਘ, ਪੰਜਾਬ ਦੇ ਚੇਤਨ ਸ਼ਰਮਾ ਤੇ ਸਤਵਿੰਦਰ ਸਿੰਘ ਪੁਰੇਵਾਲ 'ਤੇ ਜਾਅਲੀ ਦਸਤਾਵੇਜ਼ ਦੇ ਕੇ ਵੀਜ਼ਾ ਹਾਸਲ ਕਰਨ ਦਾ ਦੋਸ਼ ਲਗਾਇਆ ਹੈ।

ਏਜੈਂਸੀ ਨੇ ਦੋਸ਼ ਲਗਾਇਆ ਕਿ ਸ਼ੌਕੀਨ ਅਤੇ ਮੰਡਲ ਨੇ ਫ਼ਰਾਂਸੀਸੀ ਦੂਤਾਵਾਸ ਦੇ ਵੀਜ਼ਾ ਵਿਭਾਗ ਦੇ ਮੁਖੀ ਤੋਂ ਬਿਨਾਂ ਦੱਸੇ ਅਤੇ ਪ੍ਰਵਾਨਗੀ ਲਏ ਬਿਨਾਂ ਵੀਜ਼ਾ ਜਾਰੀ ਕੀਤਾ ਅਤੇ ਹਰੇਕ ਵੀਜ਼ੇ ਲਈ 50 ਹਜ਼ਾਰ ਰੁਪਏ ਵਸੂਲ ਕੀਤੇ।