1984 ਨਸਲਕੁਸ਼ੀ 'ਚ ਮੇਰੇ ਖਿਲਾਫ਼ ਕੋਈ FIR ਨਹੀਂ, ਭਾਰਤ ਜੋੜੋ ਯਾਤਰਾ 'ਚ ਸ਼ਾਮਲ ਹੋਵਾਂਗਾ - ਜਗਦੀਸ਼ ਟਾਈਟਲਰ
ਮੈਂ ਭਾਰਤ ਜੋੜੋ ਯਾਤਰਾ 'ਚ ਵੀ ਸ਼ਾਮਲ ਹੋਵਾਂਗਾ ਅਤੇ ਆਖ਼ਰੀ ਸਾਹ ਤੱਕ ਪਾਰਟੀ ਨਾਲ ਰਹਾਂਗਾ।
ਨਵੀਂ ਦਿੱਲੀ - ਭਾਰਤ ਜੋੜੋ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਸੋਮਵਾਰ (19 ਦਸੰਬਰ) ਨੂੰ ਦਿੱਲੀ ਸਥਿਤ ਦਫ਼ਤਰ ਵਿਖੇ ਕਾਂਗਰਸ ਵੱਲੋਂ ਪਾਰਟੀ ਦੀ ਮੀਟਿੰਗ ਬੁਲਾਈ ਗਈ। ਮੀਟਿੰਗ ਵਿਚ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਜਗਦੀਸ਼ ਟਾਈਟਲਰ ਵੀ ਹਾਜ਼ਰ ਸਨ। 'ਭਾਰਤ ਜੋੜੋ ਯਾਤਰਾ' ਬਾਰੇ ਟਾਈਟਲਰ ਨੇ ਮੀਡੀਆ ਨੂੰ ਕਿਹਾ, "ਅਸੀਂ ਹਿੱਸਾ ਲਵਾਂਗੇ ਕਿਉਂਕਿ ਅਸੀਂ ਉਸ (ਰਾਹੁਲ ਗਾਂਧੀ) ਦੇ ਹੱਕ ਵਿਚ ਹਾਂ। ਇਸ ਲਈ ਅਸੀਂ ਵੱਡੇ ਪੱਧਰ 'ਤੇ ਸ਼ਾਮਲ ਹੋ ਰਹੇ ਹਾਂ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 2027 'ਚ ਗੁਜਰਾਤ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੇ ਦਾਅਵੇ 'ਤੇ ਟਾਈਟਲਰ ਨੇ ਕਿਹਾ, "ਕੇਜਰੀਵਾਲ ਨੂੰ ਬੋਲਣ ਦਿਓ।" ਅਸੀਂ ਜਾਣਦੇ ਹਾਂ ਕਿ ਪੂਰਾ ਦੇਸ਼ ਰਾਹੁਲ ਗਾਂਧੀ ਦੇ ਪ੍ਰੋਗਰਾਮ 'ਤੇ ਕੰਮ ਕਰ ਰਿਹਾ ਹੈ। ਅਸੀਂ ਇੰਦਰਾ ਗਾਂਧੀ ਦੇ ਸਮੇਂ ਵਿਚ ਜੋ ਕੁਝ ਹੋਇਆ ਸੀ, ਉਹ ਦੇਖਿਆ ਹੈ ਅਤੇ ਹੁਣ ਅਸੀਂ ਇਸ ਨੂੰ ਦੁਬਾਰਾ ਹੁੰਦਾ ਦੇਖ ਰਹੇ ਹਾਂ। ਲੋਕ ਰਾਹੁਲ ਗਾਂਧੀ ਨਾਲ ਹੀ ਜੁੜ ਰਹੇ ਹਨ।
ਇਸ ਦੇ ਨਾਲ ਹੀ ਜਦੋਂ ਉਹਨਾਂ 1984 ਸਿੱਖ ਨਸਲਕੁਸ਼ੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਕੀ ਮੇਰੇ ਖਿਲਾਫ਼ ਕੋਈ FIR ਹੈ? CBI ਨੇ ਵੀ ਮੈਨੂੰ ਕਲੀਨ ਚਿੱਟ ਦਿੱਤੀ ਹੈ। ਕੁੱਝ ਲੋਕ ਸਿਰਫ਼ ਰਾਜਨੀਤੀ ਕਰ ਰਹੇ ਹਨ। ਮੈਂ ਭਾਰਤ ਜੋੜੋ ਯਾਤਰਾ 'ਚ ਵੀ ਸ਼ਾਮਲ ਹੋਵਾਂਗਾ ਅਤੇ ਆਖ਼ਰੀ ਸਾਹ ਤੱਕ ਪਾਰਟੀ ਨਾਲ ਰਹਾਂਗਾ।
ਦੱਸ ਦਈਏ ਕਿ ਜਗਦੀਸ਼ ਟਾਈਟਲਰ 1984 ਦੀ ਸਿੱਖ ਨਸਲਕੁਸ਼ੀ ਵਿਚ ਸ਼ਾਮਲ ਹੋਣ ਦੇ ਦੋਸ਼ਾਂ ਕਾਰਨ ਕਾਂਗਰਸ ਵਿੱਚ ਲੰਮੇ ਸਮੇਂ ਤੋਂ ਕਥਿਤ ਤੌਰ ’ਤੇ ਹਾਸ਼ੀਏ ’ਤੇ ਚਲੇ ਗਏ ਸਨ। ਕਾਂਗਰਸ ਨੇ ਉਨ੍ਹਾਂ ਨੂੰ ਹਾਲ ਹੀ ਵਿੱਚ ਹੋਈਆਂ ਦਿੱਲੀ ਨਗਰ ਨਿਗਮ ਚੋਣਾਂ ਵਿੱਚ ਅਹਿਮ ਜ਼ਿੰਮੇਵਾਰੀ ਦਿੱਤੀ ਸੀ। ਉਨ੍ਹਾਂ ਨੂੰ ਐਮਸੀਡੀ ਲਈ ਦਿੱਲੀ ਕਾਂਗਰਸ ਚੋਣ ਕਮੇਟੀ ਦੇ 20 ਮੈਂਬਰਾਂ ਵਿਚ ਵੀ ਜਗ੍ਹਾ ਦਿੱਤੀ ਗਈ ਸੀ। ਟਾਈਟਲਰ ਨੂੰ ਐਮਸੀਡੀ ਚੋਣ ਪ੍ਰਚਾਰ ਦੌਰਾਨ ਵੀ ਪ੍ਰਚਾਰ ਕਰਦੇ ਦੇਖਿਆ ਗਿਆ ਸੀ। ਜਦੋਂ ਟਾਈਟਲਰ ਕਾਂਗਰਸ ਵਿਚ ਸਰਗਰਮ ਭੂਮਿਕਾ ਵਿਚ ਨਜ਼ਰ ਆਇਆ ਤਾਂ ਭਾਜਪਾ ਨੇ ਉਸ ਨੂੰ ਅਤੇ ਪਾਰਟੀ ਨੂੰ ਘੇਰ ਲਿਆ ਸੀ।