ਰੇਲਵੇ ਲਾਈਨ 'ਤੇ ਵੀਡੀਓ ਬਣਾਉਣੀ ਪਈ ਮਹਿੰਗੀ, ਐਕਸਪ੍ਰੈੱਸ ਦੀ ਲਪੇਟ 'ਚ ਆਉਣ ਕਾਰਨ ਦੋ ਨੌਜਵਾਨਾਂ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੋਹੇ ਨੌਜਵਾਨ ਰਿਸ਼ਤੇ ਵਿਚ ਭਰਾ ਸਨ

Naveen, tushar

 

ਕਰਨਾਲ - ਹਰਿਆਣਾ ਦੇ ਕਰਨਾਲ ਵਿਚ ਦੋ ਨੌਜਵਾਨਾਂ ਦੀ ਰੇਲਗੱਡੀ ਦੀ ਚਪੇਟ ਵਿਚ ਆਉਣ ਕਰ ਕੇ ਮੌਤ ਹੋ ਗਈ। ਦਰਅਸਲ ਦੋਹੇ ਨੌਜਵਾਨ ਰੇਲਵੇ ਲਾਈਨ 'ਤੇ ਖੜ੍ਹ ਕੇ ਵੀਡੀਓ ਬਣਾ ਰਹੇ ਸਨ ਜਿਸ ਦੌਰਾਨ ਉਹਨਾਂ ਦੋਹਾਂ ਦੀ ਰੇਲ ਦੀ ਚਪੇਟ ਵਿਚ ਆਉਣ ਕਰ ਕੇ ਮੌਤ ਹੋ ਗਈ। ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਦੋਵੇਂ ਨੌਜਵਾਨ 10ਵੀਂ ਜਮਾਤ 'ਚ ਪੜ੍ਹਦੇ ਸਨ। 18 ਸਾਲਾ ਤੁਸ਼ਾਰ, ਵਾਸੀ ਰੇਲ ਕਲਾਂ, ਪਾਣੀਪਤ ਅਤੇ 17 ਸਾਲਾ ਨਵੀਨ, ਵਾਸੀ ਦੇਹਾਬੱਸੀ, ਮੰਗਲ ਕਾਲੋਨੀ ਕਰਨਾਲ ਦੋਵੇਂ ਸਕੇ ਭਰਾ ਲੱਗਦੇ ਸਨ। ਵੀਰਵਾਰ ਸ਼ਾਮ ਕਰੀਬ ਛੇ ਵਜੇ ਦੋਵੇਂ ਬਾਈਕ ਲੈ ਕੇ ਘਰੋਂ ਨਿਕਲੇ ਅਤੇ ਘੋਘਾੜੀ ਫਾਟਕ ਨੇੜੇ ਪਹੁੰਚੇ। 

ਜਿੱਥੇ ਦੋਹੇ ਜਾਣੇ ਰੇਲਵੇ ਲਾਈਨ 'ਤੇ ਖੜ੍ਹ ਕੇ ਵੀਡੀਓ ਬਣਾਉਣ ਲੱਗੇ। ਦੋਹਾਂ ਦੇ ਹੈੱਡਫੋਨ ਲੱਗੇ ਹੋਏ ਸਨ ਤੇ ਉਦੋਂ ਅੰਬਾਲਾ ਵਾਲੇ ਪਾਸੇ ਤੋਂ ਐਕਸਪ੍ਰੈਸ ਗੱਡੀ ਆਈ ਤਾਂ ਉਹਨਾਂ ਨੂੰ ਕੋਈ ਆਵਾਜ਼ ਨਹੀਂ ਸੁਣਾਈ ਦਿੱਤੀ। ਟਰੇਨ ਦੋਵਾਂ ਨੌਜਵਾਨਾਂ ਨੂੰ ਕਾਫੀ ਦੂਰ ਤੱਕ ਘਸੀਟ ਕੇ ਲੈ ਗਈ। ਘਟਨਾ ਤੋਂ ਬਾਅਦ ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ 'ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੋਵਾਂ ਨੌਜਵਾਨਾਂ ਦੀ ਮੌਤ ਤੋਂ ਬਾਅਦ ਪਰਿਵਾਰ ਵਿਚ ਸੋਗ ਦੀ ਲਹਿਰ ਹੈ। ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਹ ਵੀ ਪੜ੍ਹੋ -  ਰੀ-ਅਪੀਅਰ ਅਤੇ ਫੇਲ੍ਹ ਹੋਣ ਵਾਲਿਆਂ ਨੂੰ ਦਿੱਤਾ ਸੁਨਿਹਰੀ ਮੌਕਾ, ਪੜ੍ਹੋ ਪੇਪਰ ਲਈ ਕਿੰਨੀ ਦੇਣੀ ਹੋਵੇਗੀ ਫ਼ੀਸ

ਜੀਆਰਪੀ ਦੇ ਐਸਐਚਓ ਮਹਾਵੀਰ ਨੇ ਦੱਸਿਆ ਕਿ ਦੋਵੇਂ ਨੌਜਵਾਨ ਕਰਨਾਲ ਸਟੇਸ਼ਨ ਤੋਂ ਕਰੀਬ ਢਾਈ ਕਿਲੋਮੀਟਰ ਦੂਰ ਫਾਟਕ ਨੰਬਰ 62 ਰੇਲਵੇ ਲਾਈਨ ’ਤੇ ਖੜ੍ਹੇ ਹੋ ਕੇ ਵੀਡੀਓ ਬਣਾ ਰਹੇ ਸਨ। ਦੋਵਾਂ ਦੇ ਹੈੱਡਫੋਨ ਲੱਗੇ ਹੋਏ ਸਨ। ਮੌਕੇ ਤੋਂ ਨੌਜਵਾਨ ਦਾ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ। ਪੋਸਟਮਾਰਟਮ ਹਾਊਸ ਪੁੱਜੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਘੋਗਾੜੀ ਫਾਟਕ ਨੇੜੇ ਚਰਚ ਹੈ। ਉਹ ਵੀਰਵਾਰ ਨੂੰ ਰੇਲਵੇ ਲਾਈਨ ਪਾਰ ਕਰਕੇ ਚਰਚ ਜਾ ਰਹੇ ਸਨ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਨੌਜਵਾਨਾਂ ਨੇ ਕੰਨਾਂ ਵਿਚ ਲੀਡਰ ਨਹੀਂ ਲਗਾਈ ਹੋਈ ਸੀ। ਦੋਵੇਂ ਨੌਜਵਾਨ ਸ਼ਾਮ ਨੂੰ ਇਕੱਠੇ ਘਰੋਂ ਨਿਕਲੇ ਸਨ। 

ਇਸ ਤੋਂ ਪਹਿਲਾਂ ਵੀ ਘੋਘਾੜੀ ਫਾਟਕ ਨੇੜੇ ਰੇਲ ਹਾਦਸਿਆਂ ਵਿਚ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਸ ਦੇ ਬਾਵਜੂਦ ਲੋਕ ਚੌਕਸ ਨਹੀਂ ਹੁੰਦੇ ਅਤੇ ਰੇਲਵੇ ਲਾਈਨ ਪਾਰ ਕਰਕੇ ਆਉਂਦੇ-ਜਾਂਦੇ ਹਨ। ਜਦੋਂ ਕਿ ਲੋਕਾਂ ਦੀ ਆਵਾਜਾਈ ਲਈ ਅੰਡਰਪਾਸ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਵੀ ਲਾਈਨ ਪਾਰ ਕਰਦੇ ਸਮੇਂ ਲੋਕ ਟਰੇਨ ਦੀ ਲਪੇਟ 'ਚ ਆ ਚੁੱਕੇ ਹਨ।