ਪੁਲਵਾਮਾ ਹਮਲਾ : ਕਿਸਾਨਾਂ ਵਲੋਂ ਵੱਡਾ ਐਲਾਨ, ਨਹੀਂ ਦੇਵਾਂਗੇ ਪਾਕਿ ਨੂੰ ਟਮਾਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਵਾਮਾ ਹਮਲੇ ਤੋਂ ਬਾਅਦ ਪੂਰੇ ਦੇਸ਼ ਵਿਚ ਪਾਕਿਸਤਾਨ ਦੇ ਵਿਰੁਧ ਗੁੱਸੇ ਦੀ ਲਹਿਰ ਹੈ। ਉਥੇ ਹੀ, ਹੁਣ ਮੱਧ ਪ੍ਰਦੇਸ਼...

Tomato

ਭੋਪਾਲ : ਪੁਲਵਾਮਾ ਹਮਲੇ ਤੋਂ ਬਾਅਦ ਪੂਰੇ ਦੇਸ਼ ਵਿਚ ਪਾਕਿਸਤਾਨ ਦੇ ਵਿਰੁਧ ਗੁੱਸੇ ਦੀ ਲਹਿਰ ਹੈ। ਉਥੇ ਹੀ, ਹੁਣ ਮੱਧ ਪ੍ਰਦੇਸ਼ ਦੇ ਝਾਬੁਆ ਦੇ ਟਮਾਟਰ ਉਤਪਾਦਕ ਕਿਸਾਨਾਂ ਨੇ ਤੈਅ ਕੀਤਾ ਹੈ ਕਿ ਉਹ ਪਾਕਿਸਤਾਨ ਨੂੰ ਟਮਾਟਰ ਨਿਰਯਾਤ ਨਹੀਂ ਕਰਨਗੇ। ਦੱਸ ਦੱਈਏ ਕਿ ਮੱਧ ਪ੍ਰਦੇਸ਼ ਅਤੇ ਗੁਜਰਾਤ ਦੀ ਸਰਹੱਦ ਉਤੇ ਵੱਸੇ ਝਾਬੁਆ ਜ਼ਿਲ੍ਹੇ ਦੀ ਪੇਟਲਾਵਦ ਤਹਿਸੀਲ ਦੇ 5 ਹਜ਼ਾਰ ਕਿਸਾਨ ਟਮਾਟਰ ਉਗਾਉਂਦੇ ਹਨ। ਇਹਨਾਂ ਵਿਚੋਂ ਜ਼ਿਆਦਾਤਰ ਕਿਸਾਨ ਪਾਕਿਸਤਾਨ ਨੂੰ ਟਮਾਟਰ ਨਿਰਯਾਤ ਕਰਦੇ ਹਨ

ਪਰ ਕੇਂਦਰ ਸਰਕਾਰ ਦੁਆਰਾ ਪਾਕਿਸਤਾਨ ਦਾ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਖ਼ਤਮ ਕਰਨ ਤੋਂ ਬਾਅਦ ਇਨ੍ਹਾਂ ਕਿਸਾਨਾਂ ਨੇ ਤੈਅ ਕੀਤਾ ਹੈ ਕਿ ਉਹ ਪਾਕਿਸਤਾਨ ਨੂੰ ਟਮਾਟਰ ਨਹੀਂ ਭੇਜਣਗੇ। ਕਿਸਾਨਾਂ ਦਾ ਕਹਿਣਾ ਹੈ ਕਿ ਪੇਟਲਾਵਦ ਵਿਚ ਉੱਗਣ ਵਾਲਾ ਟਮਾਟਰ ਐਕਸਪੋਰਟ ਕੁਆਲਿਟੀ ਦਾ ਹੁੰਦਾ ਹੈ ਜਿਸ ਦੀ ਪਾਕਿਸਤਾਨ ਵਿਚ ਬਹੁਤ ਜ਼ਿਆਦਾ ਮੰਗ ਹੈ। ਉੱਥੇ ਨਿਰਯਾਤ ਕਰਨ ’ਤੇ ਮੁਨਾਫ਼ਾ ਵੀ ਚੰਗਾ ਹੁੰਦਾ ਹੈ ਪਰ ਪੁਲਵਾਮਾ ਵਿਚ ਹੋਏ ਹਮਲੇ ਤੋਂ ਬਾਅਦ ਕਿਸਾਨਾਂ ਨੇ ਮੁਨਾਫ਼ੇ ਤੋਂ ਜ਼ਿਆਦਾ ਪਾਕਿਸਤਾਨ ਨੂੰ ਸਬਕ ਸਿਖਾਉਣ ਨੂੰ ਤਰਜ਼ੀਹ ਦਿਤੀ ਹੈ।

ਕਿਸਾਨਾਂ ਦੇ ਇਸ ਫ਼ੈਸਲੇ ਦੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਤਾਰੀਫ਼ ਕੀਤੀ ਹੈ। ਮੁੱਖ ਮੰਤਰੀ ਕਮਲਨਾਥ ਨੇ ਟਵੀਟ ਕਰਦੇ ਹੋਏ ਲਿਖਿਆ, “ਪੁਲਵਾਮਾ ਹਾਦਸੇ ਅਤੇ ਅਤਿਵਾਦੀ ਘਟਨਾਵਾਂ ਦੇ ਵਿਰੋਧ ਵਿਚ ਝਾਬੁਆ ਜ਼ਿਲ੍ਹੇ ਦੇ ਪੇਟਲਾਵਦ ਤਹਿਸੀਲ ਦੇ ਕਿਸਾਨ ਭਰਾਵਾਂ ਵਲੋਂ ਅਪਣੇ ਮੁਨਾਫ਼ੇ ਦੀ ਪਰਵਾਹ ਨਾ ਕਰਦੇ ਹੋਏ ਪਾਕਿਸਤਾਨ ਟਮਾਟਰ ਨਾ ਭੇਜਣ ਦੇ ਫ਼ੈਸਲਾ ਨੂੰ ਸਲਾਮ ਕਰਦਾ ਹਾਂ। ਦੇਸ਼ਭਗਤੀ ਨਾਲ ਭਰੇ ਇਸ ਜਜ਼ਬੇ ਦੀ ਪ੍ਰਸ਼ੰਸਾ ਕਰਦਾ ਹਾਂ। ਹਰ ਵਤਨੀ ਨੂੰ ਇਨ੍ਹਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।”

ਉਥੇ ਹੀ, ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਕਿਸਾਨਾਂ ਦੇ ਇਸ ਫ਼ੈਸਲੇ ਦਾ ਸਮਰਥਨ ਕੀਤਾ ਹੈ। ਸ਼ਿਵਰਾਜ ਸਿੰਘ ਚੌਹਾਨ ਨੇ ਵੀ ਕਿਸਾਨਾਂ ਲਈ ਟਵੀਟ ਕੀਤਾ ਅਤੇ ਲਿਖਿਆ, “ਮੱਧ ਪ੍ਰਦੇਸ਼ ਦੇ ਝਾਬੁਆ ਜ਼ਿਲ੍ਹੇ ਦੇ ਪੇਟਲਾਵਦ ਦੇ ਕਿਸਾਨ ਭਰਾ ਨੁਕਸਾਨ ਚੁੱਕ ਕੇ ਵੀ ਅਪਣੇ ਟਮਾਟਰ ਪਾਕਿਸਤਾਨ ਨਹੀਂ ਭੇਜਣਗੇ, ਇਹ ਜਾਣ ਕੇ ਮੇਰਾ ਸੀਨਾ ਗਰਵ ਨਾਲ ਚੌੜਾ ਹੋ ਗਿਆ ਹੈ। ਜੈ ਜਵਾਨ, ਜੈ ਕਿਸਾਨ।”