ਕਿਉਂ #MeToo ਤੋਂ ਬਾਅਦ ਮੁੜ ਲਾਂਚ ਕਰਨਾ ਪਿਆ SHe-Box?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੈਕਸ਼ੁਅਲ ਹਰਾਸਮੈਂਟ ਐਟ ਵਰਕਪਲੇਸ ਐਕਟ 2013 ਕਾਨੂੰਨ ਦੀ ਸਹੀ ਤਰ੍ਹਾਂ ਪਾਲਣਾ ਲਈ ਸ਼ੀ-ਬਾਕਸ ਬਣਾਇਆ ਗਿਆ ਹੈ, ਤਾਂ ਜੋ ਯਕੀਨੀ ਬਣਾਇਆ ਜਾ ਸਕੇ

File Photo

ਨਵੀਂ ਦਿੱਲੀ (ਅਰਪਨ ਕੌਰ) - ਸੈਕਸ਼ੁਅਲ ਹਰਾਸਮੈਂਟ ਐਟ ਵਰਕਪਲੇਸ ਐਕਟ 2013 ਕਾਨੂੰਨ ਦੀ ਸਹੀ ਤਰ੍ਹਾਂ ਪਾਲਣਾ ਲਈ ਸ਼ੀ-ਬਾਕਸ ਬਣਾਇਆ ਗਿਆ ਹੈ, ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਕੰਮ ਵਾਲੀਆਂ ਥਾਵਾਂ 'ਤੇ ਔਰਤਾਂ ਨਾਲ ਕੋਈ ਦੁਰ ਵਿਵਹਾਰ ਨਾ ਹੋਵੇ। ਇਹ ਇਕ ਵੈੱਬ ਸਾਈਟ ਹੈ ਜੋ ਜੁਲਾਈ 2017 ਵਿੱਚ ਬਣਾਈ ਗਈ ਸੀ।

ਪਿਛਲੇ ਸਾਲ ਕੌਮਾਂਤਰੀ ਪੱਧਰ 'ਤੇ ਚੱਲੀ ਮੀ-ਟੂ ਮੁਹਿੰਮ ਤੋਂ ਬਾਅਦ ਸ਼ੀ-ਬਾਕਸ ਨੂੰ ਮੁੜ ਲਾਂਚ ਕੀਤਾ ਗਿਆ ਹੈ। ਸੈਕਸ਼ੁਅਲ ਹਰਾਸਮੈਂਟ ਐਟ ਵਰਕਪਲੇਸ ਐਕਟ 2013 ਦੇ ਤਹਿਤ ਕੰਮ ਵਾਲੀਆਂ ਥਾਵਾਂ 'ਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਕਮੇਟੀਆਂ ਤਾਂ ਬਣਾ ਦਿੱਤੀਆਂ ਗਈਆਂ ਜੋ Internal Complaints Committee (ICC) ਅਤੇ Local Complaints Committee (LCC) ਬਣਾਈ ਗਈ।

ਇਹਨਾਂ ਦੋਹਾਂ ਕਮੇਟੀਆਂ 'ਚ ਘੱਟ ਤੋਂ ਘੱਟ 2 ਮਹਿਲਾ ਮੈਂਬਰਾਂ ਅਤੇ ਸੰਸਥਾ ਤੋਂ ਬਾਹਰ ਦੇ ਇੱਕ ਵਿਅਕਤੀ ਦਾ ਹੋਣਾ ਲਾਜ਼ਮੀ ਹੈ। ਇੱਥੇ ਸ਼ਿਕਾਇਤ ਕਰਨ ਲਈ ਔਰਤਾਂ ਹੈਲਪਲਾਈਨ ਨੰ 100,181 ਅਤੇ 1090 ,1091 ਜਾਂ ਫਿਰ ਵਨ ਸਟਾਪ ਸਖੀ ਸੈਂਟਰ ਤੇ ਜਾ ਸਕਦੀਆਂ ਹਨ। ਜਿਸ ਤੋਂ ਬਾਅਦ ਇਹਨਾਂ ਕਮੇਟੀਆਂ 'ਚ ਮਹਿਲਾ ਦੀ ਸੁਣਵਾਈ ਹੁੰਦੀ ਹੈ

ਪਰ ਇਸਦੇ ਬਾਵਜੂਦ ਵੀ ਜੇ ਮਹਿਲਾ ਨੂੰ ਕਮੇਟੀ ਦੀ ਨਿਰਪੱਖਤਾ 'ਤੇ ਸ਼ੱਕ ਹੋਵੇ, ਤਾਂ ਉਸਦੇ ਕੋਲ ਬਦਲ ਮੌਜੂਦ ਹੈ ਅਤੇ ਉਹ ਬਦਲ ਹੈ 'ਸ਼ੀ-ਬਾਕਸ'। ਹੁਣ ਸਭ ਤੋਂ ਪਹਿਲਾਂ ਸਵਾਲ ਤੁਹਾਡੇ ਦਿਮਾਗ ਵਿੱਚ ਇਹ ਆਇਆ ਹੋਵੇਗਾ ਕਿ ਇਹ 'ਸ਼ੀ-ਬਾਕਸ' ਕੀ ਹੈ? ਸ਼ੀ-ਬਾਕਸ ਯਾਨੀ ਸੈਕਸ਼ੁਅਲ ਹਰਾਸਮੈਂਟ ਇਲੈਕਟ੍ਰੋਨਿਕ ਬੌਕਸ। ਇਹ ਇੱਕ ਤਰ੍ਹਾਂ ਦੀ ਇਲੈਕਟ੍ਰੋਨਿਕ ਸ਼ਿਕਾਇਤ ਪੇਟੀ ਹੈ।

ਇਸਦੇ ਲਈ ਤੁਹਾਨੂੰ ਇਸ ਲਿੰਕ http://www.shebox.nic.in/ 'ਤੇ ਜਾਣਾ ਹੋਵੇਗਾ। ਇਹ ਇੱਕ ਆਨਲੀਨ ਸ਼ਿਕਾਇਤ ਨਿਵਾਰਣ ਪ੍ਰਣਾਲੀ ਹੈ, ਜਿਸ ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਚਲਾਉਂਦਾ ਹੈ। ਤੁਸੀਂ ਇਸ ਪੇਟੀ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਇੱਥੇ ਸੰਗਠਿਤ ਅਤੇ ਅਸੰਗਠਿਤ, ਨਿੱਜੀ ਅਤੇ ਸਰਕਾਰੀ ਹਰ ਤਰ੍ਹਾਂ ਦੇ ਦਫ਼ਤਰਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਸ਼ਿਕਾਇਤ ਦਰਜ ਕਰਵਾ ਸਕਦੀਆਂ ਹਨ।

ਪੋਰਟਲ ਦੀ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਉਸ ਨੂੰ ਕੌਮੀ ਮਹਿਲਾ ਕਮਿਸ਼ਨ ਨੂੰ ਭੇਜ ਦੇਵੇਗਾ। ਕਮਿਸ਼ਨ ਉਸ ਸ਼ਿਕਾਇਤ ਨੂੰ ਮਹਿਲਾ ਦੇ ਦਫ਼ਤਰ ਦੀ ਇੰਟਰਨਲ ਕੰਪਲੇਂਟ ਕਮੇਟੀ ਜਾਂ ਲੋਕ ਲੋਕਲ ਕੰਪਲੇਂਟ ਕਮੇਟੀ (ਜੇਕਰ ਤੁਸੀਂ 10 ਤੋਂ ਘੱਟ ਕਰਮਚਾਰੀਆਂ ਵਾਲੀ ਥਾਂ 'ਤੇ ਕੰਮ ਕਰਦੇ ਹੋ) ਨੂੰ ਭੇਜੇਗਾ ਅਤੇ ਮਾਮਲੇ ਦੀ ਰਿਪੋਰਟ ਮੰਗੇਗਾ।

ਇਸ ਤੋਂ ਬਾਅਦ ਆਈਸੀਸੀ ਵਿੱਚ ਜਿਹੜੀ ਵੀ ਕਾਰਵਾਈ ਹੋਵੇਗੀ, ਉਸਦੀ ਸਥਿਤੀ ਨੂੰ ਮੰਤਰਾਲਾ ਮਨੀਟਰ ਕਰੇਗਾ। ਮਹਿਲਾ ਵੀ ਆਪਣੇ ਕੇਸ ਦੇ ਸਟੇਟਸ ਨੂੰ ਉਸਦੇ ਜ਼ਰੀਏ ਦੇਖ ਸਕਦੀ ਹੈ। ਇਸਦੇ ਲਈ ਉਸ ਨੂੰ ਇੱਕ ਯੂਜ਼ਰ ਨੇਮ ਅਤੇ ਪਾਸਵਰਡ ਦਿੱਤਾ ਜਾਵੇਗਾ, ਜਿਸ ਨੂੰ ਉਸਦੇ ਸ਼ੀ-ਬਾਕਸ ਦੇ ਪੋਰਟਲ 'ਤੇ ਹੀ ਪਾਉਣਾ ਹੋਵੇਗਾ।

ਕੌਮੀ ਮਹਿਲਾ ਆਯੋਗ ਦੇ ਮੈਂਬਰ ਸ਼ਿਕਾਇਤਕਰਤਾ ਦੀ ਕੰਪਨੀ ਦੀ ਇੰਟਰਨਲ ਕੰਪਲੇਂਟ ਕਮੇਟੀ ਤੋਂ ਰਿਪੋਰਟ ਮੰਗਦੇ ਹਨ। ਪੁੱਛਦੇ ਹਨ ਕੀ ਤੁਹਾਡੇ ਕੋਲ ਸ਼ਿਕਾਇਤ ਆਈ ਹੈ।' ਜੇਕਰ ਆਈ ਹੈ ਤਾਂ ਤੁਸੀਂ ਹੁਣ ਤੱਕ ਉਸ ਸ਼ਿਕਾਇਤ 'ਤੇ ਕੀ ਕੀਤਾ ਹੈ। ਤਿੰਨ ਮਹੀਨੇ ਦੇ ਅੰਦਰ ਕੁਝ ਕੀਤਾ ਹੈ ਜਾਂ ਨਹੀਂ। ਸ਼ਿਕਾਇਤ ਤੋਂ ਬਾਅਦ ਮਹਿਲਾ ਨੂੰ ਪ੍ਰੇਸ਼ਾਨ ਤਾਂ ਨਹੀਂ ਕੀਤਾ ਗਿਆ।ਇਹ ਸਾਰੀਆਂ ਰਿਪੋਰਟਾਂ ਮੰਗਦੇ ਹਨ।

ਆਈਸੀਸੀ ਦੀ ਪੂਰੀ ਜਾਂਚ ਨੂੰ ਕੌਮੀ ਮਹਿਲਾ ਆਯੋਗ ਮੈਂਬਰ ਮਾਨੀਟਰ ਕਰਦੇ ਹਨ। ਜੇਕਰ ਮਹਿਲਾ ਕਮੇਟੀ ਦੀ ਜਾਂਚ ਤੋਂ ਸੰਤੁਸ਼ਟ ਨਹੀਂ ਹੈ ਤਾਂ ਮਾਮਲੇ ਨੂੰ ਪੁਲਿਸ ਕੋਲ ਭੇਜ ਦਿੰਦੇ ਹਨ। ਪੁਲਿਸ ਤੋਂ ਬਾਅਦ ਮਾਮਲਾ ਕੋਰਟ ਵਿੱਚ ਜਾਂਦਾ ਹੈ। ਉਸ ਤੋਂ ਬਾਅਦ ਕੋਰਟ ਫ਼ੈਸਲਾ ਕਰਦਾ ਹੈ। ਸਰਕਾਰ ਨੂੰ ਇਸ ਬਾਰੇ 'ਚ ਔਰਤਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।

ਐਨੇ ਸਾਲਾਂ ਤੋਂ ਇਹ ਸ਼ੀ-ਬਾਕਸ ਦੀ ਸੇਵਾ ਮੌਜੂਦ ਹੈ ਪਰ ਔਰਤਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਹੈ।ਸ਼ੀ-ਬਾਕਸ ਨੂੰ ਲੈ ਕੇ ਬੇਸ਼ੱਕ ਔਰਤਾਂ ਵਿੱਚ ਜਾਣਕਾਰੀ ਦੀ ਘਾਟ ਹੈ, ਪਰ ਰਾਸ਼ਟਰੀ ਮਹਿਲਾ ਆਯੋਗ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਐਨਸੀਡਬਲਿਊ ਵਿੱਚ ਸਰੀਰਕ ਸ਼ੋਸ਼ਣ ਦੇ ਅਣਗਿਣਤ ਮਾਮਲੇ ਦਰਜ ਕਰਵਾਏ ਗਏ ਹਨ। ਹਾਲਾਂਕਿ ਸ਼ੀ ਬਾਕਸ ਦੀ ਸੁਵਿਧਾ ਹਰ ਤਰ੍ਹਾਂ ਦੀਆਂ ਔਰਤਾਂ ਲਈ ਹੈ, ਪਰ ਬਹੁਤ ਘੱਟ ਔਰਤਾਂ ਨੇ ਇਸਦੀ ਵਰਤੋਂ ਕੀਤੀ ਹੈ।

ਇਸ ਤੋਂ ਵੱਧ ਔਰਤਾਂ ਤਾਂ ਕੁਝ ਦਿਨ ਪਹਿਲਾਂ ਸ਼ੁਰੂ ਹੋਏ ਮੀ-ਟੂ ਹੈਸ਼ਟੈਗ ਦੇ ਜ਼ਰੀਏ ਸੋਸ਼ਲ ਮੀਡੀਆ 'ਤੇ ਬੋਲੀਆਂ। ਇਸ ਕਰਕੇ ਸੰਬਧਿਤ ਮੰਤਰਾਲੇ ਨੂੰ ਸ਼ੀ-ਬਾਕਸ ਬਾਰੇ ਔਰਤਾਂ ਨੂੰ ਦੱਸਣਾ ਚਾਹੀਦਾ ਹੈ। ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਜਨਤਕ ਕਰਨੀ ਚਾਹੀਦੀ ਹੈ ਕਿ ਸ਼ੀ-ਬਾਕਸ ਵਿੱਚ ਕਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ, ਕਿਸ ਤਰ੍ਹਾਂ ਦੀਆਂ ਔਰਤਾਂ ਸ਼ਿਕਾਇਤ ਕਰ ਰਹੀਆਂ ਹਨ। ਉਨ੍ਹਾਂ ਸ਼ਿਕਾਇਤਾਂ ਦਾ ਕੀ ਹੋਇਆ।

ਇਸ ਨਾਲ ਦੂਜੀਆਂ ਔਰਤਾਂ ਨੂੰ ਵੀ ਹੌਸਲਾ ਮਿਲੇਗਾ।" ਜੇਕਰ ਜਾਣਕਾਰੀ ਮਿਲੇਗੀ ਤਾਂ ਹੀ ਸਾਰੀਆਂ ਔਰਤਾਂ ਸ਼ੀ-ਬਾਕਸ ਵਿੱਚ ਸ਼ਿਕਾਇਤ ਕਰਨਗੀਆਂ।
 ਤਾਹਨੂੰ ਦੱਸ ਦੇਈਏ ਕਿ ਵੱਖ ਵੱਖ ਸ਼ਹਿਰਾਂ ਦੇ ਜਿਲ੍ਹਾ ਪ੍ਰਸ਼ਾਸਨ ਵਲੋਂ ਹੁਣ "ਸ਼ੀ ਬਾਕਸ" ਜਨਤਕ ਥਾਵਾਂ ਤੇ ਲਾਉਣ ਦਾ ਐਲਾਨ ਵੀ ਕੀਤਾ ਗਿਆ ਹੈ। ਜੋ ਸ਼ਹਿਰ ਦੇ ਬੱਸ ਸਟੈਂਡ, ਰੇਲਵੇ ਸਟੇਸ਼ਨ , ਪਾਰਕ ,ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਤੇ ਨਗਰ ਨਿਗਮ ਕੰਪਲੈਕਸ ਆਦਿ ਥਾਵਾਂ ਤੇ ਲਗਾਏ ਜਾਣਗੇ।

ਜਿਨ੍ਹਾਂ ਵਿਚ ਔਰਤਾਂ ਆਪਣੀਆਂ ਸ਼ਿਕਾਇਤਾਂ ਲਿਖ ਕੇ ਦੇ ਸਕਣਗੀਆਂ। ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਅਤੇ ਵਨ ਸਟਾਪ-ਸਖੀ ਸੈਂਟਰ ਦੀਆਂ ਗਠਿਤ ਕੀਤੀਆਂ ਗਈਆਂ 5 ਟੀਮਾਂ ਵੱਲੋਂ ਨਿਰਧਾਰਤ ਸਮੇਂ ''ਤੇ ਇਨ੍ਹਾਂ ਡੱਬਿਆਂ ਨੂੰ ਖੋਲ੍ਹਿਆ ਜਾਵੇਗਾ। ਸ਼ਿਕਾਇਤਾਂ ਹਾਸਿਲ ਕਰਨ ਮਗਰੋਂ ਟੀਮਾਂ ਵੱਲੋਂ ਸ਼ਿਕਾਇਤਕਰਤਾ ਨਾਲ ਸੰਪਰਕ ਕਰਕੇ ਅਤੇ ਤੱਥਾਂ ਦੀ ਚੰਗੀ ਤਰ੍ਹਾਂ ਪੜਤਾਲ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਬਾਰੇ ਅਜੇ ਕੁੱਝ ਵੀ ਕਿਹਾ ਨਹੀਂ ਜਾ ਸਕਦਾ ਕਿ ਇਹ ਬਾਕਸ ਕਿੰਨੇ ਕੁ ਸ਼ਹਿਰਾਂ 'ਚ ਲੱਗ ਚੁੱਕੇ ਹਨ।