2002 ਗੋਧਰਾ ਕਾਂਡ 'ਚ ਯਾਕੂਬ ਪਟਾਲੀਆ ਨੂੰ ਉਮਰ ਕੈਦ ਦੀ ਸਜ਼ਾ
27 ਫ਼ਰਵਰੀ 2002 ਨੂੰ ਗੋਧਰਾ ਸਟੇਸ਼ਨ 'ਤੇ ਸਾਬਰਮਤੀ ਐਕਸਪ੍ਰੈਸ ਨੂੰ ਅੱਗ ਲਗਾਉਣ ਵਾਲਿਆਂ 'ਚ ਸ਼ਾਮਲ ਸੀ ਯਾਕੂਬ ਪਟਾਲੀਆ
ਨਵੀਂ ਦਿੱਲੀ : ਸਾਲ 2002 ਦੇ ਗੋਧਰਾ ਕਾਂਡ 'ਚ ਅਹਿਮਦਾਬਾਦ ਦੀ ਐਸ.ਆਈ.ਟੀ. ਅਦਾਲਤ ਨੇ ਮੁਲਜ਼ਮ ਯਾਕੂਬ ਪਟਾਲੀਆ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਯਾਕੂਬ ਉਸ ਭੀੜ 'ਚ ਸ਼ਾਮਲ ਸੀ, ਜਿਸ ਨੇ 27 ਫ਼ਰਵਰੀ 2002 ਨੂੰ ਗੋਧਰਾ ਸਟੇਸ਼ਨ 'ਤੇ ਸਾਬਰਮਤੀ ਐਕਸਪ੍ਰੈਸ 'ਚ ਅੱਗ ਲਗਾਈ ਸੀ। ਇਸ ਹਾਦਸੇ 'ਚ 59 ਲੋਕ ਮਾਰੇ ਗਏ ਸਨ। ਇਸ ਮਗਰੋਂ ਪੂਰੇ ਗੁਜਰਾਤ 'ਚ ਦੰਗੇ ਹੋਏ ਸਨ। ਪਿਛਲੇ ਸਾਲ ਜਨਵਰੀ 'ਚ ਗੁਜਰਾਤ ਪੁਲਿਸ ਨੇ ਘਟਨਾ ਦੇ 16 ਸਾਲ ਬਾਅਦ ਯਾਕੂਬ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ 64 ਸਾਲਾ ਯਾਕੂਬ ਨੂੰ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ. ਨੂੰ ਸੌਂਪ ਦਿੱਤਾ ਸੀ।
ਯਾਕੂਬ ਵਿਰੁੱਧ ਸਤੰਬਰ 2002 'ਚ ਮਾਮਲਾ ਦਰਜ ਕੀਤਾ ਗਿਆ ਸੀ। ਉਸ ਵਿਰੁੱਧ ਹੱਤਿਆ ਦੀ ਕੋਸ਼ਿਸ਼ ਸਮੇਤ ਭਾਰਤੀ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਚਲਾਇਆ ਗਿਆ। ਗ੍ਰਿਫ਼ਤਾਰੀ ਤੋਂ ਬਚਣ ਲਈ ਉਹ ਭੱਜ ਰਿਹਾ ਸੀ। ਇਸ ਮਾਮਲੇ 'ਚ ਯਾਕੂਬ ਦੇ ਭਰਾ ਕਾਦਿਰ ਪਟਾਲੀਆ ਨੂੰ 2015 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ ਮਾਮਲੇ ਦੀ ਸੁਣਵਾਈ ਦੌਰਾਨ ਕਾਦਿਰ ਦੀ ਜੇਲ 'ਚ ਹੀ ਮੌਤ ਹੋ ਗਈ ਸੀ।
ਅਕਤੂਬਰ 2017 'ਚ ਗੁਜਰਾਤ ਹਾਈ ਕੋਰਟ ਨੇ ਗੋਧਰਾ ਕਾਂਡ 'ਚ 11 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਉਮਰ ਕੈਦ 'ਚ ਬਦਲ ਦਿੱਤੀ ਸੀ, ਜਦਕਿ ਬਾਕੀ 20 ਮੁਲਜ਼ਮਾਂ ਦੀ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ। ਇਸ ਤੋਂ ਪਹਿਲਾਂ ਹੇਠਲੀ ਅਦਾਲਤ ਨੇ 31 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ।