ਰਾਹੁਲ ਗਾਂਧੀ ਦਾ ਬਿਆਨ, ਇਸ ਸਰਕਾਰ ਨੇ ਸਿਰਫ ਦੋਸਤਾਂ ਦੀ ਕਮਾਈ ਵਧਾਈ
ਰਾਹੁਲ ਗਾਂਧੀ ਦਾ ਕੇਂਦਰ ’ਤੇ ਸਵਾਲ, ਇਸ ਸਰਕਾਰ ਨੇ ਕੀ ਵਧਾਇਆ?
ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਬੇਰੁਜ਼ਗਾਰੀ, ਮਹਿੰਗਾਈ ਅਤੇ ਗਰੀਬੀ ਨੂੰ ਲੈ ਕੇ ਲਗਾਤਾਰ ਕੇਂਦਰ ਸਰਕਾਰ ’ਤੇ ਹਮਲਾ ਬੋਲ ਰਹੇ ਹਨ। ਇਸ ਦੇ ਚਲਦਿਆਂ ਰਾਹੁਲ ਗਾਂਧੀ ਸੋਸ਼ਲ ਮੀਡੀਆ ’ਤੇ ਟਵੀਟ ਜ਼ਰੀਏ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਹਨ।
ਤਾਜ਼ਾ ਟਵੀਟ ਵਿਚ ਰਾਹੁਲ ਗਾਂਧੀ ਨੇ ਸਵਾਲ ਕਰਦਿਆਂ ਪੁੱਛਿਆ ਕਿ ਇਸ ਸਰਕਾਰ ਨੇ ਕੀ ਵਧਾਇਆ ਹੈ। ਰਾਹੁਲ ਗਾਂਧੀ ਨੇ ਲ਼ਿਖਿਆ, ‘ਇਸ ਸਰਕਾਰ ਨੇ ਕੀ ਵਧਾਇਆ? ਬੇਰੁਜ਼ਗਾਰੀ, ਮਹਿੰਗਾਈ, ਗਰੀਬੀ ਅਤੇ ਸਿਰਫ਼ ਦੋਸਤਾਂ ਦੀ ਕਮਾਈ’। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ 71 ਲੱਖ EPF ਅਕਾਊਂਟ ਬੰਦ ਹੋਣ ਟਵੀਟ ਕੀਤਾ ਸੀ।
ਰਾਹੁਲ ਗਾਂਧੀ ਨੇ ਕਿਹਾ, ‘ਤੁਹਾਡੀ ਨੌਕਰੀ ਗਈ ਅਤੇ ਈਪੀਐਫ ਅਕਾਊਂਟ ਬੰਦ ਕਰਨਾ ਪਿਆ। ਕੇਂਦਰ ਸਰਕਾਰ ਦੇ ਰੁਜ਼ਗਾਰ ਮਿਟਾਓ ਅਭਿਆਨ ਦੀ ਇਕ ਹੋਰ ਪ੍ਰਾਪਤੀ!’।
ਟਵੀਟ ਦੇ ਨਾਲ ਰਾਹੁਲ ਗਾਂਧੀ ਨੇ ਇਕ ਖ਼ਬਰ ਦੀ ਫੋਟੋ ਵੀ ਸ਼ੇਅਰ ਕੀਤੀ, ਜਿਸ ਵਿਚ ਲਿਖਿਆ ਗਿਆ ਸੀ, ‘ਕੋਰੋਨਾ ਮਹਾਂਮਾਰੀ ਵਿਚ ਲੱਖਾਂ ਕਰਮਚਾਰੀਆਂ ਦੀਆਂ ਨੌਕਰੀਆਂ ਗਈਆਂ! 9 ਮਹੀਨਿਆਂ ਵਿਚ 71 ਲੱਖ ਈਪੀਐਫ ਖਾਤੇ ਬੰਦ’। ਦੱਸ ਦਈਏ ਕਿ ਰਾਹੁਲ ਗਾਂਧੀ ਕੋਰੋਨਾ ਮਹਾਂਮਾਰੀ, ਬੇਰੁਜ਼ਗਾਰੀ ਤੋਂ ਇਲਾਵਾ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਵੀ ਸਰਕਾਰ ਖਿਲਾਫ ਹਮਲਾ ਬੋਲ ਰਹੇ ਹਨ।