ਅਧਿਆਪਕ ਨੇ ਬੰਦ ਕਮਰੇ ’ਚ ਪੀਲਾਈ ਵਿਦਿਆਰਥੀਆਂ ਨੂੰ ਸ਼ਰਾਬ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਰਾਬ ਪਿਲਾਉਂਦੇ ਫੜੇ ਜਾਣ ਤੋਂ ਬਾਅਦ ਪ੍ਰਤਾਪ ਸਿੰਘ ਨੂੰ ਕੀਤਾ ਮੁਅੱਤਲ

Teacher forces students to drink alcohol in a closed room

ਕਟਨੀ ਦੇ ਇਕ ਸਰਕਾਰੀ ਸਕੂਲ ਦੇ ਅਧਿਆਪਕ ਨੂੰ ਵਿਦਿਆਰਥੀਆਂ ਨੂੰ ਸ਼ਰਾਬ ਪਿਲਾਉਂਦੇ ਫੜੇ ਜਾਣ ਤੋਂ ਬਾਅਦ ਮੁਅੱਤਲ ਕਰ ਦਿਤਾ ਗਿਆ ਹੈ। ਇਕ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਰਵਾੜਾ ਬਲਾਕ ਦੇ ਅਧੀਨ ਆਉਂਦੇ ਪਿੰਡ ਖਿਰਹਾਨੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਲਾਲ ਨਵੀਨ ਪ੍ਰਤਾਪ ਸਿੰਘ ਦਾ ਇਕ ਵੀਡੀਉ ਸੋਸ਼ਲ ਮੀਡੀਆ ’ਤੇ ਸਾਹਮਣੇ ਆਇਆ ਹੈ, ਜਿਸ ਵਿਚ ਉਹ ਕਥਿਤ ਤੌਰ ’ਤੇ ਵਿਦਿਆਰਥੀਆਂ ਨੂੰ ਸ਼ਰਾਬ ਪਿਲਾ ਰਿਹਾ ਹੈ।

ਅਧਿਕਾਰੀ ਨੇ ਕਿਹਾ ਕਿ ਵੀਡੀਉ ਦਾ ਨੋਟਿਸ ਲੈਂਦੇ ਹੋਏ, ਜ਼ਿਲ੍ਹਾ ਕੁਲੈਕਟਰ ਦਿਲੀਪ ਕੁਮਾਰ ਯਾਦਵ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਓਪੀ ਸਿੰਘ ਨੂੰ ਅਧਿਆਪਕ ਵਿਰੁਧ ਕਾਰਵਾਈ ਕਰਨ ਦੇ ਨਿਰਦੇਸ਼ ਦਿਤੇ ਸਨ। ਉਨ੍ਹਾਂ ਕਿਹਾ ਕਿ ਵੀਡੀਉ ਵੱਖ-ਵੱਖ ਬਲਾਕਾਂ ਦੇ ਅਧਿਕਾਰੀਆਂ ਨੂੰ ਭੇਜਿਆ ਗਿਆ ਸੀ ਅਤੇ ਬਾਅਦ ਵਿਚ ਅਧਿਆਪਕ ਦੀ ਪਛਾਣ ਲਾਲ ਨਵੀਨ ਪ੍ਰਤਾਪ ਸਿੰਘ ਵਜੋਂ ਹੋਈ। ਇਸ ਤੋਂ ਬਾਅਦ ਉਸਨੂੰ ਮੁਅੱਤਲ ਕਰ ਦਿਤਾ ਗਿਆ।

ਅਧਿਕਾਰੀ ਨੇ ਕਿਹਾ ਕਿ ਲਾਲ ਨਵੀਨ ਪ੍ਰਤਾਪ ਸਿੰਘ ਨੂੰ ਮੱਧ ਪ੍ਰਦੇਸ਼ ਸਿਵਲ ਸੇਵਾਵਾਂ (ਆਚਰਣ) ਨਿਯਮਾਂ ਤਹਿਤ ਦੁਰਵਿਵਹਾਰ, ਬੱਚਿਆਂ ਨੂੰ ਸ਼ਰਾਬ ਪੀਣ ਲਈ ਉਤਸ਼ਾਹਿਤ ਕਰਨ ਅਤੇ ਇਕ ਅਧਿਆਪਕ ਦੀ ਸ਼ਾਨ ਨੂੰ ਢਾਹ ਲਾਉਣ ਦੇ ਦੋਸ਼ਾਂ ਤਹਿਤ ਤੁਰੰਤ ਮੁਅੱਤਲ ਕਰ ਦਿਤਾ ਗਿਆ ਸੀ। ਦਸ ਦਈਏ ਕਿ ਕਥਿਤ ਵੀਡੀਉ ਵਿਚ ਇਕ ਆਦਮੀ ਨੂੰ ਇਕ ਕਮਰੇ ਵਿਚ ਨੌਜਵਾਨ ਮੁੰਡਿਆਂ ਨੂੰ ਕੱਪਾਂ ਵਿਚ ਪੀਣ ਵਾਲੇ ਪਦਾਰਥ ਪਰੋਸਦੇ ਹੋਏ ਦਿਖਾਇਆ ਗਿਆ ਹੈ ਅਤੇ ਉਸ ਨੂੰ ਉਨ੍ਹਾਂ ਵਿਚੋਂ ਇਕ ਨੂੰ ਪੀਣ ਤੋਂ ਪਹਿਲਾਂ ਪੀਣ ਵਿਚ ਪਾਣੀ ਮਿਲਾਉਣ ਲਈ ਕਹਿੰਦੇ ਸੁਣਿਆ ਜਾ ਸਕਦਾ ਹੈ।