Railway ਨੇ ਲਿਆ ਵੱਡਾ ਫੈਸਲਾ, 1 June ਤੋਂ ਚੱਲਣਗੀਆਂ 200 ਹੋਰ ਟਰੇਨਾਂ, ਹਰ ਕੋਈ ਲੈ ਸਕੇਗਾ ਲਾਭ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਭਰ ਵਿਚ ਪ੍ਰਵਾਸੀ ਮਜ਼ਦੂਰਾਂ ਦੀ ਸਮੱਸਿਆ  ਨੂੰ ਦੇਖਦੇ ਹੋਏ ਰੇਲ ਮੰਤਰਾਲੇ ਨੇ ਵੱਡਾ ਫੈਸਲਾ ਕੀਤਾ ਹੈ।

Photo

ਨਵੀਂ ਦਿੱਲੀ: ਦੇਸ਼ ਭਰ ਵਿਚ ਪ੍ਰਵਾਸੀ ਮਜ਼ਦੂਰਾਂ ਦੀ ਸਮੱਸਿਆ  ਨੂੰ ਦੇਖਦੇ ਹੋਏ ਰੇਲ ਮੰਤਰਾਲੇ ਨੇ ਵੱਡਾ ਫੈਸਲਾ ਕੀਤਾ ਹੈ। ਹੁਣ 1 ਜੂਨ ਤੋਂ 200 ਹੋਰ ਟਰੇਨਾਂ ਟਾਇਮ ਤੈਅ ਕਰ ਕੇ ਚਲਾਈਆਂ ਜਾਣਗੀਆਂ।

ਇਹ ਸਾਰੀਆਂ ਟਰੇਨਾਂ ਨਾਨ-ਏਸੀ ਹੋਣਗੀਆਂ ਅਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਟਰੇਨਾਂ ਪਹਿਲਾਂ ਤੋਂ ਹੀ ਚੱਲ ਰਹੀਆਂ ਸਪੈਸ਼ਲ ਟਰੇਨਾਂ ਤੋਂ ਇਲਾਵਾ ਚੱਲਣਗੀਆਂ। ਰੇਲ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ 1 ਜੂਨ ਤੋਂ ਚੱਲਣ ਵਾਲੀਆਂ ਟਰੇਨਾਂ ਲਈ ਜਲਦ ਹੀ ਟਾਈਮ ਟੇਬਲ ਜਾਰੀ ਕੀਤਾ ਜਾਵੇਗਾ ਅਤੇ ਇਹਨਾਂ ਦਾ ਰੂਟ ਵੀ ਜਾਰੀ ਕੀਤਾ ਜਾਵੇਗਾ।

ਇਹਨਾਂ ਟਰੇਨਾਂ ਲਈ ਆਨਲਾਈਨ ਬੁਕਿੰਗ ਹੀ ਹੋਵੇਗੀ। ਫਿਲਹਾਲ ਰੇਲਵੇ ਸਟੇਸ਼ਨਾਂ 'ਤੇ ਬੁਕਿੰਗ ਕਾਂਊਟਰ ਨਹੀਂ ਖੁੱਲ੍ਹਣਗੇ। ਰੇਲ ਮੰਤਰਾਲੇ ਨੇ ਕਿਹਾ ਕਿ ਹੈ ਕਿ ਇਹਨਾਂ ਦੇ ਨਾਲ ਹੀ ਮਜ਼ਦੂਰਾਂ ਲਈ ਚਲਾਈਆਂ ਜਾ ਰਹੀਆਂ ਸਪੈਸ਼ਲ ਟਰੇਨਾਂ ਚੱਲਦੀਆਂ ਰਹਿਣਗੀਆਂ।

ਇਸ ਦੌਰਾਨ ਰੇਲ ਮੰਤਰੀ ਪਿਊਸ਼ ਗੋਇਲ ਨੇ ਕਈ ਸੂਬਾ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਜੋ ਪ੍ਰਵਾਸੀ ਮਜ਼ਦੂਰ ਹਾਲੇ ਵੀ ਰਸਤੇ ਵਿਚ ਹਨ ਜਾਂ ਪੈਦਲ ਜਾ ਰਹੇ, ਉਹਨਾਂ ਨੂੰ ਨਜ਼ਦੀਕੀ ਮੇਨ ਲਾਈਨ ਦੇ ਰੇਲਵੇ ਸਟੇਸ਼ਨ ਤੱਕ ਪਹੁੰਚਾਇਆ ਜਾਵੇ ਤਾਂ ਜੋ ਟਰੇਨਾਂ ਦੇ ਜ਼ਰੀਏ ਇਹ ਲੋਕ ਅਪਣੇ ਗ੍ਰਹਿ ਰਾਜ ਪਹੁੰਚ ਸਕਣ।

ਰੇਲਵੇ ਮੰਤਰਾਲੇ ਵੱਲੋਂ 1 ਮਈ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਘਰ ਪਹੁੰਚਾਉਣ ਲਈ ਸਪੈਸ਼ਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਬੀਤੇ 19 ਦਿਨਾਂ ਵਿਚ ਸਾਢੇ 21 ਲੱਖ ਤੋਂ ਜ਼ਿਆਦਾ ਯਾਤਰੀ ਇਹਨਾਂ ਟਰੇਨਾਂ ਵਿਚ ਸਫਰ ਕਰ ਚੁੱਕੇ ਹਨ।