ਠੇਲ੍ਹੇ 'ਤੇ ਤਰਬੂਜ ਵੇਚਦੇ ਬੱਚੇ ਦੇ ਅੱਖਾਂ 'ਚੋਂ ਵਗੇ ਬੇਵਸੀ ਦੇ ਹੰਝੂ

ਏਜੰਸੀ

ਖ਼ਬਰਾਂ, ਰਾਸ਼ਟਰੀ

ਛੋਟੀ ਉਮਰੇ 'ਚ ਕੰਮ ਬਾਰੇ ਪੁੱਛਣ 'ਤੇ ਰੋਣ ਲੱਗਿਆ ਮਾਸੂਮ ਬੱਚਾ......

FILE PHOTO

ਉਤਰ ਪ੍ਰਦੇਸ਼ : ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲੀ ਇਹ ਖਬਰ ਉਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੀ ਹੈ। ਜਿੱਥੇ ਦੋ ਮਾਸੂਮ ਭੈਣ ਭਰਾ ਨੰਗੇ ਪੈਰ ਫਟੇ ਹੋਏ ਕੱਪੜੇ ਪਹਿਨ ਬਦਤਰ ਹਾਲਤ ਵਿਚ ਠੇਲ੍ਹਾ ਖਿੱਚੀ ਜਾ ਰਹੇ ਸਨ।

ਠੇਲ੍ਹੇ 'ਤੇ ਤਰਬੂਜ ਵੇਚਣ ਲਈ ਨਿਕਲੇ ਇਹ ਮਾਸੂਮ ਅਪਣੀਆਂ ਮਾਸੂਮੀਅਤ ਭਰੀਆਂ ਨਿਗਾਹਾਂ ਨਾਲ ਗਾਹਕਾਂ ਦੀ ਆਸ ਲਗਾ ਰਹੇ ਸਨ ਕਿਉਂਕਿ ਇਨ੍ਹਾਂ ਦੇ ਘਰ ਖਾਣਾ ਨਹੀਂ ਮਿਲ ਸਕਿਆ।

ਨਾ ਹੀ ਇਨ੍ਹਾਂ ਕੋਲ ਰਾਸ਼ਣ ਖ਼ਰੀਦਣ ਲਈ ਪੈਸੇ ਨੇ, ਪਿਤਾ ਬਿਮਾਰ ਹੈ। ਜਿਸ ਤੋਂ ਬਾਅਦ ਇਹ ਬੱਚੇ ਅਪਣਾ ਪੇਟ ਭਰਨ ਲਈ ਖ਼ੁਦ ਹੀ ਕਮਾਉਣ ਲਈ ਨਿਕਲ ਪਏ। ਜਦੋਂ ਇਨ੍ਹਾਂ ਬੱਚਿਆਂ ਨੂੰ ਇੰਨੀ ਛੋਟੀ ਉਮਰ ਵਿਚ ਠੇਲ੍ਹਾ ਚਲਾਉਣ ਬਾਰੇ ਪੁੱਛਿਆ ਗਿਆ ਤਾਂ ਇਹ ਬੱਚੇ ਰੋਣ ਲੱਗ ਪਏ।

ਦੁੱਖ ਅਤੇ ਅਫ਼ਸੋਸ ਦੀ ਗੱਲ ਇਹ ਹੈ ਕਿ ਇਨ੍ਹਾਂ ਮਾਸੂਮ ਬੱਚਿਆਂ ਨੂੰ ਠੇਲ੍ਹਾ ਚਲਾਉਂਦਾ ਦੇਖ ਕੇ ਕਿਸੇ ਦਾ ਵੀ ਦਿਲ ਨਹੀਂ ਪਸੀਜਿਆ। ਕਿਸੇ ਨੇ ਨਹੀਂ ਸੋਚਿਆ ਕਿ ਜਿਸ ਉਮਰ ਵਿਚ ਇਨ੍ਹਾਂ ਬੱਚਿਆਂ ਦੇ ਹੱਥ ਵਿਚ ਕਿਤਾਬਾਂ ਹੋਣੀਆਂ ਚਾਹੀਦੀਆਂ ਸਨ।

ਉਸ ਉਮਰੇ ਇਹ ਤੇਜ਼ ਤਪਦੀ ਧੁੱਪ ਵਿਚ ਠੇਲ੍ਹੇ 'ਤੇ ਤਰਬੂਜ ਵੇਚ ਰਹੇ ਨੇ। ਜਦੋਂ ਇਕ ਵਿਅਕਤੀ ਨੇ ਬੱਚਿਆਂ ਨੂੰ ਤਰਬੂਜ ਵੇਚਣ ਦਾ ਕਾਰਨ ਪੁੱਛਿਆ ਤਾਂ ਘਰ ਦੀਆਂ ਮਜਬੂਰੀਆਂ ਯਾਦ ਕਰਕੇ ਬੱਚੇ ਦਾ ਰੋਣਾ ਨਿਕਲ ਗਿਆ। ਨੇੜੇ ਖੜ੍ਹੀ ਉਸ ਦੀ ਭੈਣ ਦੀਆਂ ਅੱਖਾਂ ਵਿਚ ਵੀ ਹੰਝੂ ਆ ਗਏ।

ਇਸਦੇ ਨਾਲ ਹੀ ਕੁੱਛੜ 'ਚ ਛੋਟਾ ਬੱਚਾ ਚੁੱਕੀਂ ਖੜ੍ਹੀ ਔਰਤ ਸਰਕਾਰ ਦੇ ਲਾਰਿਆਂ ਤੋਂ ਤੰਗ ਪਰੇਸ਼ਾਨ ਹੋ ਕੇ ਸਰਕਾਰ ਨੂੰ ਕੋਸਦੀ ਹੋਈ ਨਜ਼ਰ ਆ ਰਹੀ ਐ ਕਿਉਂਕਿ ਉਹ ਅਤੇ ਉਸ ਦਾ ਪਰਿਵਾਰ ਕਈ ਦਿਨਾਂ ਤੋਂ ਅਪਣੇ ਰਾਜ ਵਾਪਸ ਜਾਣ ਲਈ ਪਰੇਸ਼ਾਨ ਹੋ ਰਹੇ ਨੇ।

ਪਰ ਸਰਕਾਰ ਵੱਲੋਂ ਕੋਈ ਪ੍ਰਬੰਧ ਨਾ ਹੋਣ ਕਰਕੇ ਪਰਵਾਸੀ ਮਜ਼ਦੂਰਾਂ ਨੂੰ ਅੱਤ ਦੀ ਪਰੇਸ਼ਾਨੀ ਝੱਲਣੀ ਪੈ ਰਹੀ ਐ। ਰੋ-ਰੋ ਕੇ ਇਸ ਔਰਤ ਦਾ ਗਲਾ ਬੈਠ ਗਿਆ ਅਤੇ ਉਹ ਬੇਹੋਸ਼ ਹੋ ਗਈ।

ਇਹ ਤਾਂ ਮਹਿਜ਼ ਦੋ ਘਟਨਾਵਾਂ ਦਾ ਹੀ ਜ਼ਿਕਰ ਕੀਤਾ ਗਿਆ, ਜਿਸ ਨੇ ਸਰਕਾਰਾਂ ਦੇ ਨਾਕਸ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਪਰ ਲੱਖਾਂ ਪਰਵਾਸੀ ਮਜ਼ਦੂਰ ਅਜਿਹੀ ਔਖੀ ਘੜੀ ਵਿਚੋਂ ਗੁਜ਼ਰ ਰਹੇ ਨੇ ਅਤੇ ਸਰਕਾਰਾਂ ਦੇ ਕੰਨ 'ਤੇ ਜੂੰ ਤਕ ਨਹੀਂ ਸਰਕ ਰਹੀ।

ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਦੇਸ਼ ਦੀ ਇਹ ਹਾਲਤ ਅਜਿਹੇ ਸਮੇਂ ਦੇਖਣ ਨੂੰ ਮਿਲ ਰਹੀ ਹੈ ਜਦੋਂ ਦੇਸ਼ ਦੀ ਸਰਕਾਰ ਵੱਲੋਂ 20 ਲੱਖ ਕਰੋੜ ਦੇ ਪੈਕੇਜ਼ ਦਾ ਐਲਾਨ ਕੀਤਾ ਗਿਆ।

ਇਨ੍ਹਾਂ ਪਰਵਾਸੀ ਮਜ਼ਦੂਰਾਂ ਨੂੰ ਕੋਈ ਆਰਥਿਕ ਸਹਾਇਤਾ ਮਿਲੇਗੀ ਜਾਂ ਨਹੀਂ, ਇਸ ਬਾਰੇ ਤਾਂ ਅਜੇ ਕੁੱਝ ਨਹੀਂ ਕਿਹਾ ਜਾ ਸਕਦਾ ਪਰ ਇਨ੍ਹਾਂ ਨੂੰ ਇਹ ਜ਼ਰੂਰ ਪਤਾ ਚੱਲ ਗਿਆ ਕਿ ਸਰਕਾਰਾਂ ਇਨ੍ਹਾਂ ਦੇ ਨਾਲ ਕਿੰਨਾ ਕੁ ਖੜ੍ਹੀਆਂ ਨੇ?

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।