ਪਹਿਲਵਾਨਾਂ ਨੇ ਵਾਪਸ ਹੀ ਕਰਨਾ ਹੈ ਤਾਂ ਪੈਸੇ ਵਾਪਸ ਕਰਨ ਕਿਉਂਕਿ ਤਮਗ਼ਾ ਤਾਂ 15 ਰੁਪਏ 'ਚ ਵਿਕੇਗਾ : ਬ੍ਰਿਜ ਭੂਸ਼ਣ ਸ਼ਰਨ ਸਿੰਘ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਿਸ ਤਮਗ਼ੇ ਨੂੰ ਇਹ ਆਦਮੀ 15 ਰੁਪਏ ਦਾ ਦੱਸ ਰਿਹਾ ਹੈ ਉਸ ਪਿੱਛੇ ਸਾਡੀ 15 ਸਾਲ ਦੀ ਮਿਹਨਤ ਹੈ : ਬਜਰੰਗ ਪੂਨੀਆ

representational Image

ਕਿਹਾ, ਜੇਕਰ ਲੜਕੀਆਂ ਨੂੰ ਖਿਡੌਣਾ ਨਾ ਸਮਝ ਕੇ ਸਗੋਂ ਖਿਡਾਰੀਆਂ ਨੂੰ ਇਨਸਾਨ ਸਮਝਿਆ ਹੁੰਦਾ ਤਾਂ ਅਜਿਹੀ ਘਟੀਆ ਗੱਲ ਨਾ ਕਰਦੇ

ਨਵੀਂ ਦਿੱਲੀ : ਭਾਰਤੀ ਕੁਸ਼ਤੀ ਮਹਾਂਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਇਕ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਜੇਕਰ ਪਹਿਲਵਾਨਾਂ ਨੇ ਕੁੱਝ ਵਾਪਸ ਹੀ ਕਰਨਾ ਹੈ ਤਾਂ ਉਹ ਪੈਸੇ ਵਾਪਸ ਕਰਨ ਕਿਉਂਕਿ ਤਮਗ਼ਾ ਤਾਂ 15 ਰੁਪਏ ਵਿਚ ਵੇਚਿਆ ਜਾ ਸਕਦਾ ਹੈ।

ਦੇਸ਼ ਦੇ ਚੋਟੀ ਦੇ ਪਹਿਲਵਾਨ ਬਜਰੰਗ ਪੂਨੀਆ ਨੇ ਅਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਹ ਵੀਡੀਉ ਸਾਂਝਾ ਕਰਦਿਆਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਜਵਾਬ ਵੀ ਦਿਤਾ ਹੈ। ਬਜਰੰਗ ਪੂਨੀਆ ਨੇ ਲਿਖਿਆ, ''ਜਿਸ ਤਮਗ਼ੇ ਨੂੰ ਇਹ ਆਦਮੀ 15 ਰੁਪਏ ਦਾ ਦੱਸ ਰਿਹਾ ਹੈ ਉਸ ਪਿੱਛੇ ਸਾਡੀ 15 ਸਾਲ ਦੀ ਮਿਹਨਤ ਹੈ। ਤੇਰੇ ਵਰਗਿਆਂ ਨੇ ਭੀਖ 'ਚ ਨਹੀਂ ਦਿਤਾ, ਖ਼ੂਨ ਪਸੀਨਾ ਵਹਾਅ ਕੇ ਦੇਸ਼ ਲਈ ਜਿੱਤ ਕੇ ਲਿਆਂਦੇ ਹਨ। ਲੜਕੀਆਂ ਨੂੰ ਖਿਡੌਣਾ ਨਾ ਸਮਝ ਕੇ ਸਗੋਂ ਖਿਡਾਰੀਆਂ ਨੂੰ ਇਨਸਾਨ ਸਮਝਿਆ ਹੁੰਦਾ ਤਾਂ ਅਜਿਹੀ ਘਟੀਆ ਗੱਲ ਨਾ ਕਰਦੇ''

ਉਧਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਇਕ ਵਾਰ ਫਿਰ ਅਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰ ਦਿਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦੋਸ਼ ਸਾਬਤ ਹੋ ਗਏ ਤਾਂ ਮੈਨੂੰ ਫਾਂਸੀ 'ਤੇ ਲਟਕ ਜਾਵਾਂਗਾ। ਬ੍ਰਿਜ ਭੂਸ਼ਣ ਨੇ ਕਿਹਾ ਕਿ ਅਸੀਂ ਦਿੱਲੀ ਤੋਂ ਹਰਿਆਣਾ ਤਕ ਘਿਰਨ ਵਾਲੇ ਨਹੀਂ ਹਾਂ। ਸਾਜ਼ਸ਼ ਰਚਣ ਵਾਲੇ ਸਾਰੇ ਲੋਕ ਮੂਧੇ ਮੂੰਹ ਡਿਗਣਗੇ।

ਇਹ ਵੀ ਪੜ੍ਹੋ: ਜਪਾਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਅਪਣੇ ਹਮਰੁਤਬਾ ਫੂਮਿਓ ਕਿਸ਼ਿਦਾ ਨਾਲ ਕੀਤੀ ਮੁਲਾਕਾਤ

ਉਨ੍ਹਾਂ ਕਿਹਾ ਕਿ ਸਾਰੇ ਦੋਸ਼ 'ਗੁੱਡ ਟੱਚ ਅਤੇ ਬੈਡ ਟੱਚ' ਦੇ ਹਨ ਅਤੇ ਸਾਰੇ ਦੋਸ਼ ਕਿਸੇ ਬੰਦ ਕਮਰੇ ਅੰਦਰ ਛੂਹਣ ਦੇ ਨਹੀਂ ਸਗੋਂ ਵੱਡੇ ਹਾਲ ਦੇ ਹਨ। ਮਾਮਲੇ ਅਦਾਲਤ ਵਿਚ ਹਨ, ਇਸ ਲਈ ਮੈਂ ਜ਼ਿਆਦਾ ਨਹੀਂ ਕਹਾਂਗਾ। ਸਾਰੇ ਦੋਸ਼, ਮੈਂ ਕਿਥੇ ਹਾਂ, ਕੀ ਹੋਇਆ, ਕਿਵੇਂ ਹੋਇਆ ਅਤੇ ਕਦੋਂ ਹੋਇਆ, ਜੇਕਰ ਇਨ੍ਹਾਂ ਵਿਚੋਂ ਇੱਕ ਵੀ ਕੇਸ ਮੇਰੇ ਵਿਰੁਧ ਸਾਬਤ ਹੋ ਗਿਆ ਤਾਂ ਮੈਂ ਬਗੈਰ ਕੁੱਝ ਕਹੇ ਫਾਂਸੀ 'ਤੇ ਲਟਕ ਜਾਵਾਂਗਾ। ਮੈਂ ਅਜੇ ਵੀ ਅਪਣੀ ਗੱਲ 'ਤੇ ਕਾਇਮ ਹਾਂ।

ਜ਼ਿਕਰਯੋਗ ਹੈ ਕਿ ਬਜਰੰਗ ਪੂਨੀਆ, ਵਿਨੇਸ਼ ਫੋਗਾਟ, ਸੰਗੀਤਾ ਫੋਗਾਟ ਅਤੇ ਸਾਕਸ਼ੀ ਮਲਿਕ ਸਮੇਤ ਦੇਸ਼ ਦੇ ਕਈ ਪਹਿਲਵਾਨ ਇਸ ਸਮੇਂ ਭਾਰਤੀ ਕੁਸ਼ਤੀ ਮਹਾਂਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ। ਪਹਿਲਵਾਨਾਂ ਦਾ ਧਰਨਾ ਜੰਤਰ-ਮੰਤਰ ਵਿਖੇ ਲਗਾਤਾਰ ਜਾਰੀ ਹੈ।

ਪਹਿਲਵਾਨਾਂ ਦਾ ਕਹਿਣਾ ਹੈ ਕਿ ਉਹ ਮਹਿਲਾ ਪਹਿਲਵਾਨਾਂ ਨੂੰ ਇਨਸਾਫ਼ ਦਿਵਾਉਣ ਲਈ ਖੇਡਾਂ ਵਿਚ ਅਪਣੇ ਕਰੀਅਰ ਦੀ 'ਕੁਰਬਾਨੀ' ਦੇਣ ਲਈ ਤਿਆਰ ਹਨ। ਬਾਅਦ ਵਿਚ ਬਜਰੰਗ ਪੂਨੀਆ ਨੇ ਕਿਹਾ ਕਿ ਉਹ ਬ੍ਰਿਜ ਭੂਸ਼ਣ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਧਰਨਾ ਖ਼ਤਮ ਨਹੀਂ ਕਰਨਗੇ। ਬ੍ਰਿਜ ਭੂਸ਼ਣ 'ਤੇ ਇਕ ਨਾਬਾਲਗ ਸਮੇਤ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਇਲਜ਼ਾਮ ਹੈ।