ਨੋਇਡਾ : 3 ਔਰਤਾਂ ਨਾਲ 9 ਲੋਕਾਂ ਨੇ ਕੀਤਾ ਸਮੂਹਕ ਬਲਾਤਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

7 ਮੁਲਜ਼ਮ ਗ੍ਰਿਫ਼ਤਾਰ, 2 ਦੀ ਭਾਲ ਜਾਰੀ

9 men rape three Delhi sex workers at Noida farmhouse, 7 held

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਦੇ ਨਾਲ ਲਗਦੇ ਉੱਤਰ ਪ੍ਰਦੇਸ਼ ਦੇ ਨੋਇਡਾ 'ਚ 3 ਔਰਤਾਂ ਨਾਲ ਸਮੂਹਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੇ ਇਕ ਫ਼ਾਰਮ ਹਾਊਸ ਅੰਦਰ ਦਿੱਲੀ ਤੋਂ ਲਿਆਈਆਂ ਤਿੰਨ ਸੈਕਸ ਵਰਕਰਾਂ ਨਾਲ 9 ਲੋਕਾਂ ਨੇ ਸਮੂਹਕ ਬਲਾਤਕਾਰ ਕੀਤਾ। ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ 7 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ 'ਚ ਜ਼ਿਆਦਾਤਰ ਨਿੱਜੀ ਸੁਰੱਖਿਆ ਗਾਰਡ ਹਨ, ਜਦਕਿ ਇਕ ਮੁਲਜ਼ਮ ਕੈਬ ਡਰਾਈਵਰ ਹੈ। ਦੋ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਜਿਸ ਫ਼ਾਰਮ ਹਾਊਸ 'ਚ ਸਮੂਹਕ ਬਲਾਤਕਾਰ ਨੂੰ ਅੰਜਾਮ ਦਿੱਤਾ ਗਿਆ, ਪੁਲਿਸ ਨੇ ਉਸ ਨੂੰ ਵੀ ਸੀਲ ਕਰ ਦਿੱਤਾ ਹੈ।

ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਤਿੰਨਾਂ ਪੀੜਤ ਔਰਤਾਂ ਨੇ ਦੱਸਿਆ ਕਿ ਉਹ ਮੰਗਲਵਾਰ ਰਾਤ ਨੂੰ ਦਿੱਲੀ ਦੇ ਲਾਜਪਤ ਨਗਰ ਮੈਟਰੋ ਸਟੇਸ਼ਨ 'ਤੇ ਗਾਹਕਾਂ ਦਾ ਇੰਤਜਾਰ ਕਰ ਰਹੀਆਂ ਸਨ। ਇਸੇ ਦੌਰਾਨ ਰਾਤ 11:30 ਵਜੇ ਸਫ਼ੈਦ ਰੰਗ ਦੀ ਸਵਿਫ਼ਟ ਡਿਜ਼ਾਇਰ ਕੈਬ 'ਚ ਸਵਾਰ 2 ਲੋਕ ਉੱਥੇ ਪੁੱਜੇ ਅਤੇ ਉਨ੍ਹਾਂ ਨੂੰ ਆਪਣੇ ਨਾਲ ਜਾਣ ਬਾਰੇ ਕਿਹਾ। ਇਨ੍ਹਾਂ ਔਰਤਾਂ ਨਾਲ ਪ੍ਰਤੀ ਗਾਹਕ 3000 ਰੁਪਏ 'ਚ ਸੌਦਾ ਤੈਅ ਕੀਤਾ ਗਿਆ ਸੀ। ਇਸ ਤੋਂ ਬਾਅਦ ਤਿੰਨਾਂ ਔਰਤਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਨੂੰ ਨੋਇਡਾ ਸੈਕਟਰ-18 ਜਾਣਾ ਹੋਵੇਗਾ, ਜਿੱਥੇ ਦੋ ਹੋਰ ਲੋਕ ਇੰਤਜਾਰ ਕਰ ਰਹੇ ਹਨ। ਇਨ੍ਹਾਂ ਔਰਤਾਂ ਨੂੰ 3600 ਰੁਪਏ ਐਡਵਾਂਸ ਦੇ ਦਿੱਤੇ ਗਏ।

ਮੁਲਜ਼ਮ ਇਨ੍ਹਾਂ ਨੂੰ ਸੈਕਟਰ-18 ਲਿਜਾਣ ਦੀ ਬਜਾਏ ਨੋਇਡਾ ਦੇ ਸੈਕਟਰ-135 ਸਥਿਤ ਇਕ ਫ਼ਾਰਮ ਹਾਊਸ 'ਚ ਲੈ ਗਏ। ਫ਼ਾਰਮ ਹਾਊਸ ਅੰਦਰ 7 ਲੋਕ ਪਹਿਲਾਂ ਹੀ ਮੌਜੂਦ ਸਨ। ਇੰਨੇ ਸਾਰੇ ਲੋਕਾਂ ਨੂੰ ਵੇਖ ਤਿੰਨੇ ਔਰਤਾਂ ਡਰ ਗਈਆਂ ਅਤੇ ਉਨ੍ਹਾਂ ਨੂੰ ਵਾਪਸ ਦਿੱਲੀ ਛੱਡਣ ਲਈ ਕਿਹਾ। ਇਸ ਤੋਂ ਬਾਅਦ ਉਥੇ ਮੌਜੂਦ 9 ਲੋਕਾਂ ਨੇ ਵਾਰੀ-ਵਾਰੀ ਇਨ੍ਹਾਂ ਤਿੰਨੇ ਔਰਤਾਂ ਨਾਲ ਬਲਾਤਕਾਰ ਕੀਤਾ। ਵਾਰਦਾਤ ਤੋਂ ਬਾਅਦ ਪੀੜਤ ਔਰਤਾਂ ਦੇ ਕਹਿਣ 'ਤੇ ਉਨ੍ਹਾਂ ਵਿਚੋਂ ਇਕ ਮੁਲਜ਼ਮ ਉਨ੍ਹਾਂ ਨੂੰ ਆਪਣੀ ਗੱਡੀ 'ਚ ਮੁੱਖ ਸੜਕ 'ਤੇ ਛੱਡ ਕੇ ਫ਼ਰਾਰ ਹੋ ਗਿਆ। ਇਸ ਮਗਰੋਂ ਪੀੜਤ ਔਰਤਾਂ ਨੇ 100 ਨੰਬਰ 'ਤੇ ਫ਼ੋਨ ਕਰ ਕੇ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ।

ਸੂਚਨਾ ਮਿਲਣ ਤੋਂ ਬਾਅਦ ਐਕਸਪ੍ਰੈਸ ਵੇਅ ਪੁਲਿਸ ਥਾਣੇ ਦੇ ਅਧਿਕਾਰੀ ਔਰਤਾਂ ਕੋਲ ਪੁੱਜੇ ਅਤੇ ਮੈਡੀਕਲ ਕਰਵਾਉਣ ਤੋਂ ਬਾਅਦ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਔਰਤਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਨ੍ਹਾਂ ਨਾਲ ਮਾਰਕੁੱਟ ਵੀ ਕੀਤੀ ਗਈ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਨੇ ਜਿਹੜੇ ਪੈਸੇ ਉਨ੍ਹਾਂ ਨੂੰ ਐਡਵਾਂਸ ਦਿੱਤੇ ਸਨ, ਉਹ ਵੀ ਖੋਹ ਲਏ ਗਏ।

ਐਸਐਸਪੀ ਵੈਭਵ ਕ੍ਰਿਸ਼ਣ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਯੂਪੀ ਦੇ ਰਾਏ ਬਰੇਲੀ ਵਾਸੀ ਅਖਿਲੇਸ਼ ਯਾਦਵ, ਲਵਲੇਸ਼ ਯਾਦਵ, ਭੋਲਾ ਯਾਦਵ, ਅੰਜਨ ਯਾਦਵ, ਰਾਜੇਸ਼ ਯਾਦਵ, ਹਰਦੋਈ ਦੇ ਸਤੀਸ਼ ਪਾਲ ਅਤੇ ਸ਼ਾਹਜਹਾਂਪੁਰ ਦੇ ਰਾਜਕੁਮਾਰ ਵਜੋਂ ਹੋਈ ਹੈ। ਇਸ ਤੋਂ ਇਲਾਵਾ ਰਾਏ ਬਰੇਲੀ ਦਾ ਰਹਿਣ ਵਾਲਾ ਕੈਬ ਡਰਾਈਵਰ ਮੁਲਾਇਮ ਸਿੰਘ ਅਤੇ ਬਾਰਾਬੰਕੀ ਦਾ ਰਹਿਣ ਵਾਲੇ ਪੰਕਜ ਉਰਫ਼ ਬਾਊਂਸਰ ਫ਼ਰਾਰ ਹਨ। ਪੁਲਿਸ ਨੇ ਦੱਸਿਆ ਕਿ ਲਵਲੇਸ਼ ਯਾਦਵ ਫ਼ਾਰਮ ਹਾਊਸ 'ਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਇਹ ਫ਼ਾਰਮ ਹਾਊਸ ਦਿੱਲੀ 'ਚ ਮੋਟਰ ਟਰਾਂਸਪੋਰਟ ਵਿਭਾਗ ਦੇ ਇਕ ਅਧਿਕਾਰੀ ਦਾ ਹੈ।