ਨਾਬਾਲਿਗ ਨਾਲ ਸਮੂਹਿਕ ਬਲਾਤਕਾਰ ਤੋਂ ਬਾਅਦ ਜ਼ਿੰਦਾ ਸਾੜਿਆ, 7 ਲੋਕਾਂ ‘ਤੇ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਾਬਾਲਿਗ ਦਲਿਤ ਲੜਕੀ ਨਾਲ ਸਮੂਹਿਕ ਬਲਾਤਕਾਰ ਕਰਨ ਅਤੇ ਉਸ ਨੂੰ ਜ਼ਿੰਦਾ ਜਲਾਉਣ ਦੇ ਮਾਮਲੇ ਵਿਚ 7 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।

Crime

ਮੁਜ਼ੱਫਰਨਗਰ: ਉਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਵਿਚ ਇਕ ਨਾਬਾਲਿਗ ਦਲਿਤ ਲੜਕੀ ਨਾਲ ਸਮੂਹਿਕ ਬਲਾਤਕਾਰ ਕਰਨ ਅਤੇ ਉਸ ਨੂੰ ਜ਼ਿੰਦਾ ਜਲਾਉਣ ਦੇ ਮਾਮਲੇ ਵਿਚ 7 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਇਲਜ਼ਾਮ ਹੈ ਕਿ ਇੱਟਾਂ ਦੇ ਭੱਠੇ ਦੇ ਮਾਲਿਕ ਅਤੇ ਛੇ ਹੋਰ ਲੋਕਾਂ ਨੇ ਉਥੇ ਕੰਮ ਕਰਨ ਵਾਲੀ ਨਾਬਾਲਿਗ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਅਤੇ ਫਿਰ ਸਬੂਤ ਮਿਟਾਉਣ ਲਈ ਉਸ ਨੂੰ ਜ਼ਿੰਦਾ ਸਾੜ ਦਿੱਤਾ। ਕਥਿਤ ਦੋਸ਼ੀਆਂ ‘ਤੇ ਹੱਤਿਆ, ਗੈਂਗਰੇਪ, ਐਸਸੀ/ਐਸਟੀ ਐਕਟ ਅਤੇ ਪੋਕਸੋ ਐਕਟ (POCSO Act) ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਭੀਮ ਆਰਮੀ ਕਰਮਚਾਰੀਆਂ ਨੇ ਕਾਰਵਾਈ ਦੀ ਮੰਗ ਨੂੰ ਲੈ ਕੇ ਹੰਗਾਮਾ ਕੀਤਾ। ਅਨਿਲ ਕਾਪਰਵਾਨ ਨੇ ਦੱਸਿਆ ਕਿ ਕਾਰਖਾਨੇ ਦੇ ਮਾਲਕ ਸਮੇਤ 7 ਲੋਕਾਂ ‘ਤੇ ਲੜਕੀ ਨਾਲ ਸਮੂਹਿਕ ਬਲਾਤਕਾਰ ਕਰਨ ਅਤੇ ਫਿਰ ਉਸ ਨੂੰ ਅੱਗ ਦੇ ਹਵਾਲੇ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਤੋਂ ਇਸ ਗੱਲ ਬਾਰੇ ਪਤਾ ਚਲਦਾ ਹੈ ਕਿ ਲੜਕੀ ਦੀ ਮੌਤ ਸੜਨ ਅਤੇ ਦਮ ਘੁੱਟਣ ਕਾਰਨ ਹੋਈ ਸੀ।

ਲੜਕੀ ਦੇ ਪਿਤਾ ਨੇ ਪੁਲਿਸ ਕੋਲ ਦਰਜ ਸ਼ਿਕਾਇਤ ਵਿਚ ਦੱਸਿਆ ਕਿ 24 ਮਈ ਨੂੰ ਉਹ ਅਪਣੀ ਬਿਮਾਰ ਪਤਨੀ ਨੂੰ ਦੇਖਣ ਲਈ ਪਿੰਡ ਗਿਆ ਸੀ। ਰਾਤ ਸਮੇਂ ਉਹਨਾਂ ਦਾ 12 ਸਾਲ ਦਾ ਲੜਕਾ ਅਤੇ 14 ਸਾਲ ਦੀ ਲੜਕੀ ਝੁੱਗੀ ਵਿਚ ਇਕੱਲੇ ਸੋ ਰਹੇ ਸਨ। ਉਹਨਾਂ ਕਿਹਾ ਕਿ ਭੱਠੇ ਦੇ ਮਾਲਿਕ, ਮੁਨਸ਼ੀ ਅਤੇ ਬਾਕੀ ਲੋਕਾਂ ਨੇ ਉਹਨਾਂ ਦੀ ਲੜਕੀ ਨਾਲ ਬਲਾਤਕਾਰ ਕੀਤਾ ਅਤੇ ਫਿਰ ਉਸ ਨੂੰ ਜ਼ਿੰਦਾ ਸਾੜ ਦਿੱਤਾ।

ਸਵੇਰੇ ਜਦੋਂ ਗੁਆਂਢੀਆਂ ਨੇ ਘਰ ਵਿਚੋਂ ਧੂਆਂ ਉੱਠਦਾ ਦੇਖਿਆ ਤਾਂ ਉਹਨਾਂ ਨੇ ਇਸ ਬਾਰੇ ਪੁਲਿਸ ਨੂੰ ਖਬਰ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲੜਕੀ ਦੀ ਲਾਸ਼ ਬਰਾਮਦ ਕੀਤੀ। ਲੜਕੀ ਦੇ ਭਰਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਸ ਸਮੇਂ ਸੋ ਰਿਹਾ ਸੀ ਅਤੇ ਉਸ ਨੂੰ ਕੋਈ ਅਵਾਜ਼ ਨਹੀਂ ਸੁਣੀ। ਲੜਕੀ ਦੇ ਪਿਤਾ ਨੇ ਅਪਣੇ ਬਿਆਨ ਵਿਚ ਵੀ ਬਦਲਾਅ ਕੀਤੇ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।