ਮਹਾਰਾਸ਼ਟਰ ਵਿਧਾਨ ਸਭਾ ਦੀ ਕੈਂਟੀਨ 'ਚ ਸ਼ਾਕਾਹਾਰੀ ਭੋਜਨ 'ਚ ਮਿਲੇ 'ਮੀਟ ਦੇ ਟੁੱਕੜੇ'
ਮੁੱਖ ਮੰਤਰੀ ਦਵਿੰਦਰ ਫ਼ੜਨਵੀਸ ਨੇ ਜਾਂਚ ਕਰਵਾਉਣ ਦੇ ਆਦੇਸ਼ ਦਿੱਤੇ
ਮੁੰਬਈ : ਮਹਾਰਾਸ਼ਟਰ ਵਿਧਾਨ ਸਭਾ ਦੀ ਕੰਨਟੀਨ 'ਚ ਦਿਤੇ ਗਏ ਸ਼ਾਕਾਹਾਰੀ ਭੋਜਨ ਵਿਚ ਮੀਟ ਦੇ ਟੁੱਕੜੇ ਮਿਲਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ 'ਤੇ ਮੁੱਖ ਮੰਤਰੀ ਦਵਿੰਦਰ ਫ਼ੜਨਵੀਸ ਨੇ ਸਖ਼ਤ ਰਵੱਈਆ ਅਪਣਾਉਂਦੇ ਹੋਏ ਕਿਹਾ ਕਿ ਇਸ ਦੀ ਜਾਂਚ ਹੋਵੇਗੀ।
ਰਾਸ਼ਟਰਵਾਦੀ ਕਾਂਗਰਸ ਪਾਰਟੀ (ਸੀਪੀਆਈਐਮ) ਦੇ ਅਜਿਤ ਪਵਾਰ ਨੇ ਜਦੋਂ ਇਹ ਮਾਮਲਾ ਵਿਧਾਨ ਸਭਾ ਵਿਚ ਚੁੱਕਿਆ ਤਾਂ ਫ਼ੜਨਵੀਸ ਨੇ ਕਿਹਾ ਕਿ ਕੰਨਟੀਨ ਪ੍ਰਬੰਧਨ ਨੂੰ ਇਸ ਗੱਲ ਦੇ ਸਖ਼ਤ ਨਿਰਦੇਸ਼ ਦਿਤੇ ਜਾਣਗੇ ਕਿ ਅਜਿਹੀ ਘਟਨਾ ਭਵਿੱਖ ਵਿਚ ਮੁੜ ਨਾ ਹੋਵੇ। ਜ਼ਿਕਰਯੋਗ ਹੈ ਕਿ ਬੁਧਵਾਰ ਨੂੰ ਇਕ ਸਰਕਾਰੀ ਅਧਿਕਾਰੀ ਨੇ ਕੰਨਟੀਨ ਤੋਂ 'ਮਟਕੀ ਉਸਲ' (ਸ਼ਾਕਾਹਾਰੀ ਮਹਾਰਾਸ਼ਟਰੀ ਭੋਜਨ) ਦੇਣ ਨੂੰ ਕਿਹਾ ਤਾਂ ਉਸ ਵਿਚ ਉਨ੍ਹਾਂ ਨੂੰ ਮੀਟ ਦੇ ਟੁੱਕੜੇ ਮਿਲੇ।
ਜਦੋਂ ਪਵਾਰ ਨੇ ਇਹ ਮਾਮਲਾ ਚੁੱਕਿਆ ਤਾਂ ਕਾਂਗਰਸ ਵਿਧਾਇਕ ਵਿਜੇ ਵਡੇਟੀਵਾਰ ਨੇ ਸਦਨ ਨੂੰ ਦਸਿਆ ਕਿ ਨਾਗਪੁਰ ਦੇ ਇਕ ਸਰਕਾਰੀ ਮੈਡੀਕਲ ਕਾਲਜ ਵਿਚ ਇਕ ਮਰੀਜ਼ ਦੇ ਖਾਣੇ ਵਿਚ ਗੋਹਾ ਪਾਇਆ ਗਿਆ। ਇਸ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਗੰਭੀਰ ਮਾਮਲਾ ਹੈ ਅਤੇ (ਹਸਪਤਾਲ ਦੀ ਘਟਨਾ ਦੇ) ਦੋਸ਼ੀ ਨੂੰ ਮੁਅੱਤਲ ਕੀਤਾ ਜਾਵੇਗਾ।