ਮੋਦੀ ਨੇ ਪਾਕਿ ਪੀਐਮ ਨੂੰ ਦਿੱਤਾ ਜਵਾਬ, ਕਹੀ ਇਹ ਵੱਡੀ ਗੱਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ ਪਾਕਿਸਤਾਨੀ ਹਮਅਹੁਦਾ ਇਮਰਾਨ ਖ਼ਾਨ ਨੂੰ ਕਿਹਾ ਹੈ ਕਿ ਭਾਰਤ ਉਹਨਾਂ ਨਾਲ ਚੰਗੇ ਅਤੇ ਸਹਿਯੋਗੀ ਸਬੰਧ ਬਣਾਉਣਾ ਚਾਹੁੰਦਾ ਹੈ।

Imran Khan and Narendra Modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ ਪਾਕਿਸਤਾਨੀ ਹਮਅਹੁਦਾ ਇਮਰਾਨ ਖ਼ਾਨ ਨੂੰ ਕਿਹਾ ਹੈ ਕਿ ਭਾਰਤ ਉਹਨਾਂ ਨਾਲ ਚੰਗੇ ਅਤੇ ਸਹਿਯੋਗੀ ਸਬੰਧ ਬਣਾਉਣਾ ਚਾਹੁੰਦਾ ਹੈ। ਪਰ ਇਸ ਦੇ ਲਈ ‘ਵਿਸ਼ਵਾਸ ਦਾ ਮਾਹੌਲ, ਅਤਿਵਾਦ, ਹਿੰਸਾ ਅਤੇ ਦੁਸ਼ਮਣੀ ਮੁਕਤ ਮਾਹੌਲ’ ਬਣਾਉਣ ਦੀ ਜ਼ਰੂਰਤ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਮੋਦੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਨ ‘ਤੇ ਵਧਾਈ ਦਿੱਤੀ ਸੀ, ਜਿਸ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਇਹ ਸੁਨੇਹਾ ਭੇਜਿਆ ਹੈ।

ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਵੀ ਅਪਣੇ ਪਾਕਿਸਤਾਨੀ ਹਮਅਹੁਦਾ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਉਹਨਾਂ ਦੇ ਵਧਾਈ ਸੁਨੇਹੇ ਦੇ ਜਵਾਬ ਵਿਚ ਇਹ ਸੰਦੇਸ਼ ਦਿੱਤਾ। ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ ਕਿ ਸਥਾਪਿਤ ਕੂਟਨੀਤੀ ਰਵਾਇਤ ਤਹਿਤ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੇ ਪਾਕਿਸਤਾਨ ਦੇ ਅਪਣੇ ਹਮਅਹੁਦਾ ਤੋਂ ਮਿਲੀ ਵਧਾਈ ਦੇ ਸੁਨੇਹੇ ਦੇ ਜਵਾਬ ਵਿਚ ਅਜਿਹਾ ਕਿਹਾ ਹੈ।

ਬੁਲਾਰੇ ਨੇ ਕਿਹਾ ਕਿ ਅਪਣੇ ਸੁਨੇਹਿਆਂ ਵਿਚ ਦੋਵਾਂ ਨੇ ਜ਼ਿਕਰ ਕੀਤਾ ਕਿ ਭਾਰਤ ਪਾਕਿਸਤਾਨ ਸਮੇਤ ਅਪਣੇ ਗੁਆਂਢੀ ਦੇਸ਼ਾਂ ਨਾਲ ਵਧੀਆ ਅਤੇ ਸਹਿਯੋਗੀ ਸਬੰਧ ਬਣਾਉਣਾ ਚਾਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਲਈ ਇਹ ਜ਼ਰੂਰੀ ਹੈ ਕਿ ਅਤਿਵਾਦ, ਹਿੰਸਾ ਅਤੇ ਦੁਸ਼ਮਣੀ ਮੁਕਤ ਅਤੇ ਵਿਸ਼ਵਾਸ ਦਾ ਮਾਹੌਲ ਬਣਾਇਆ ਜਾਵੇ। ਬੁਲਾਰੇ ਨੇ ਕਿਹਾ ਕਿ ਜੈ ਸ਼ੰਕਰ ਨੇ ਵੀ ਅਤਿਵਾਦ ਅਤੇ ਹਿੰਸਾ ਤੋਂ ਮੁਕਤ ਮਾਹੌਲ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।