‘ਰਾਹੁਲ ਗਾਂਧੀ ਨੂੰ ਕਦੀ-ਕਦੀ ਹਿੰਦੁਸਤਾਨ ਅਤੇ ਹਿੰਦੁਸਤਾਨੀਆਂ ‘ਤੇ ਵੀ ਯਕੀਨ ਕਰਨਾ ਚਾਹੀਦਾ’
ਭਾਰਤੀ ਜਨਤਾ ਪਾਰਟੀ ਦੇ ਫਾਇਰਬ੍ਰਾਂਡ ਲੀਡਰ ਅਤੇ ਸੰਸਦ ਮੈਂਬਰ ਗਿਰੀਰਾਜ ਸਿੰਘ ਨੇ ਇਕ ਵਾਰ ਫਿਰ ਰਾਹੁਲ ਗਾਂਧੀ ਨੂੰ ਨਿਸ਼ਾਨੇ ‘ਤੇ ਲਿਆ ਹੈ।
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਫਾਇਰਬ੍ਰਾਂਡ ਲੀਡਰ ਅਤੇ ਸੰਸਦ ਮੈਂਬਰ ਗਿਰੀਰਾਜ ਸਿੰਘ ਨੇ ਇਕ ਵਾਰ ਫਿਰ ਰਾਹੁਲ ਗਾਂਧੀ ਨੂੰ ਨਿਸ਼ਾਨੇ ‘ਤੇ ਲਿਆ ਹੈ। ਇਸ ਦੌਰਾਨ ਉਹਨਾਂ ਨੇ ਰਾਹੁਲ ਗਾਂਧੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
ਉਹਨਾਂ ਨੇ ਸ਼ਨੀਵਾਰ ਨੂੰ ਟਵੀਟ ਕਰਦੇ ਹੋਏ ਲਿਖਿਆ ਹੈ ਕਿ ‘ਰਾਹੁਲ ਗਾਂਧੀ ਨੂੰ ਅਜਿਹੇ ਸਮੇਂ ਵਿਚ ਭਾਰਤੀ ਫੌਜ ਅਤੇ ਭਾਰਤ ਦੇ ਪ੍ਰਧਾਨ ਮੰਤਰੀ ‘ਤੇ ਯਕੀਨ ਕਰਨਾ ਚਾਹੀਦਾ ਹੈ। ਜੇਕਰ ਨਹੀਂ ਹੈ ਤਾਂ ਜਿਵੇਂ ਉਹ ਡੋਕਲਾਮ ਦੇ ਸਮੇਂ ਚੀਨ ਦੇ ਅੰਬੈਸੀ ਚਲੇ ਗਏ ਸੀ। ਹੁਣ ਵੀ ਜਾ ਸਕਦੇ ਹਨ। ਉਹਨਾਂ ਨੂੰ ਕਦੀ-ਕਦੀ ਹਿੰਦੁਸਤਾਨ ਅਤੇ ਹਿੰਦੁਸਤਾਨੀਆਂ ‘ਤੇ ਵੀ ਯਕੀਨ ਕਰਨਾ ਚਾਹੀਦਾ ਹੈ’।
ਦਰਅਸਲ ਅੱਜ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਮੋਦੀ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਹੈ। ਉਹਨਾਂ ਨੇ ਕਿਹਾ, ‘ਪ੍ਰਧਾਨ ਮੰਤਰੀ ਨੇ ਚੀਨੀ ਹਮਲੇ ਤੋਂ ਬਾਅਦ ਭਾਰਤੀ ਖੇਤਰ ਨੂੰ ਆਤਮ ਸਮਰਪਿਤ ਕਰ ਦਿੱਤਾ ਹੈ। ਜੇਕਰ ਜ਼ਮੀਨ ਚੀਨੀ ਸੀ ਤਾਂ ਸਾਡੇ ਫੌਜੀ ਕਿਉਂ ਮਾਰੇ ਗਏ? ਉਹ ਕਿੱਥੇ ਮਾਰੇ ਗਏ?’ ਰਾਹੁਲ ਗਾਂਧੀ ਦੇ ਇਸ ਬਿਆਨ ਤੋਂ ਬਾਅਦ ਗਿਰੀਰਾਜ ਸਿੰਘ ਨੇ ਟਵੀਟ ਕਰ ਕੇ ਪਲਟਵਾਰ ਕੀਤਾ ਹੈ।
ਉੱਥੇ ਹੀ ਭਾਜਪਾ ਦੇ ਇਕ ਹੋਰ ਸੀਨੀਅਰ ਨੇਤਾ ਨਿਤਿਆਨੰਦ ਰਾਏ ਨੇ ਵੀ ਰਾਹੁਲ ਗਾਂਧੀ ਨੂੰ ਨਿਸ਼ਾਨੇ ‘ਤੇ ਲਿਆ ਹੈ। ਉਹਨਾਂ ਨੇ ਕਿਹਾ, ‘ਪਾਰਟੀ ਦੀ ਰਾਜਨੀਤੀ ਤੋਂ ਉੱਪਰ ਉਠ ਕੇ ਰਾਹੁਲ ਗਾਂਧੀ ਨੂੰ ਘੱਟੋ ਘੱਟ ਫ਼ੌਜ ਦੇ ਬਹਾਦਰ ਸਿਪਾਹੀ ਦੇ ਬਹਾਦਰ ਪਿਤਾ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਹਨ। ਇਹ ਸਮਾਂ ਸਿਆਸਤ ਕਰਨ ਦਾ ਨਹੀਂ ਬਲਕਿ ਦੇਸ਼ ਨਾਲ ਇਕਜੁੱਟਤਾ ਦੇ ਨਾਲ ਖੜ੍ਹੇ ਹੋਣ ਦਾ ਹੈ’।
ਜ਼ਿਕਰਯੋਗ ਹੈ ਕਿ ਗਲਵਾਨ ਘਾਟੀ 'ਤੇ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਵਿਰੋਧੀ ਧਿਰ ਲਗਾਤਾਰ ਮੋਦੀ ਸਰਕਾਰ ਨੂੰ ਨਿਸ਼ਾਨੇ 'ਤੇ ਲੈ ਰਹੇ ਹਨ। ਇਸ ਦੇ ਚਲਦਿਆਂ ਰਾਹੁਲ ਗਾਂਧੀ ਨੇ ਬੀਤੇ ਦਿਨ ਵੀ ਕੇਂਦਰ ਸਰਕਾਰ 'ਤੇ ਸ਼ਬਦੀ ਹਮਲਾ ਕੀਤਾ ਸੀ। ਉਹਨਾਂ ਨੇ ਸਰਕਾਰ 'ਤੇ ਇਲਜ਼ਾਮ ਲਗਾਇਆ ਕਿ ਚੀਨੀ ਫੌਜੀ ਸਾਡੇ ਫੌਜੀਆਂ ਨੂੰ ਮਾਰ ਰਹੇ ਸੀ ਪਰ ਸਰਕਾਰ ਸੁੱਤੀ ਰਹੀ।