ਭਾਰਤ ਦੇ ਕੋਰੋਨਾ ਕਮਿਊਨਿਟੀ ਸਪਰੈੱਡ 'ਚ ਪਹੁੰਚਣ ਦੇ ਚਰਚੇ, ਕੀ ਹਨ ਇਸ ਤੋਂ ਡਰਨ ਦੇ ਕਾਰਨ?

ਏਜੰਸੀ

ਖ਼ਬਰਾਂ, ਰਾਸ਼ਟਰੀ

IMA ਅਪਣੇ ਪਹਿਲਾਂ ਕੀਤੇ ਦਾਅਵੇ ਤੋਂ ਮੁਕਰੀ

Corona Virus

ਨਵੀਂ ਦਿੱਲੀ : ਕਰੋਨਾ ਮਹਾਮਾਰੀ ਦਾ ਤੋੜ ਲੱਭਣ ਲਈ ਦੁਨੀਆਂ ਭਰ ਦੇ ਵਿਗਿਆਨੀ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਭਾਵੇਂ ਕੁੱਝ ਦੇਸ਼ਾਂ ਵਲੋਂ ਕੋਰੋਨਾ ਵੈਕਸੀਨ ਬਣਾ ਲੈਣ ਦਾ ਦਾਅਵਾ ਕੀਤਾ ਗਿਆ ਹੈ, ਇਸ ਦੇ ਬਾਵਜੂਦ ਕਰੋਨਾ ਦੇ ਸਟੀਕ ਇਲਾਜ ਲਈ ਅਜੇ ਸ਼ਾਇਦ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਸੇ ਦੌਰਾਨ ਭਾਰਤ ਅੰਦਰ ਕਰੋਨਾ ਦੇ ਲਗਾਤਾਰ ਵਧਦੇ ਮਾਮਲਿਆਂ ਨੂੰ ਲੈ ਕੇ ਨਵੇਂ-ਨਵੇਂ ਦਾਅਵੇ ਸਾਹਮਣੇ ਆ ਰਹੇ ਹਨ।

ਕਰੋਨਾ ਮਾਮਲਿਆਂ ਦੀ ਗਿਣਤੀ 'ਚ ਆਏ ਦਿਨ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ ਵੇਖਦਿਆਂ ਹੁਣ ਇਸ ਦੇ ਕਮਿਊਨਿਟੀ ਟਰਾਂਸਮਿਸ਼ਨ ਜਾਂ ਕਮਿਊਨਿਟੀ ਸਪਰੈੱਡ 'ਚ ਦਾਖ਼ਲ ਹੋਣ ਦੀਆਂ ਕਿਆਸ ਅਰਾਈਆਂ ਵੀ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਪਿਛਲੇ ਦਿਨਾਂ ਦੌਰਾਨ ਕੁੱਝ ਮਾਹਿਰ ਇਸ ਦੀ ਚਿਤਾਵਨੀ ਵੀ ਜਾਰੀ ਕਰ ਚੁੱਕੇ ਹਨ। ਭਾਵੇਂ ਸਰਕਾਰ ਹੁਣ ਤਕ ਇਸ ਤੋਂ ਇਨਕਾਰ ਕਰਦੀ ਆ ਰਹੀ ਹੈ, ਪਰ ਕਰੋਨਾ ਦੇ ਮਾਮਲੇ ਜਿਸ ਹਿਸਾਬ ਨਾਲ ਵੱਧ ਰਹੇ ਹਨ, ਉਸ ਨੂੰ ਵੇਖਦਿਆਂ ਇਸ ਦੀ ਸੱਚਾਈ ਤੋਂ ਮੁਨਕਰ ਹੋਣਾ ਸ਼ਾਇਦ ਖੁਦ ਨੂੰ ਹਨੇਰੇ 'ਚ ਰੱਖਣ ਦੇ ਤੁਲ ਹੋਵੇਗਾ।

ਇਸੇ ਦੌਰਾਨ ਬੀਤੇ ਦਿਨੀਂ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਨੇ ਕਿਹਾ ਸੀ ਕਿ ਦੇਸ਼ ਵਿਚ ਕਰੋਨਾ ਇਸ ਮੁਕਾਮ 'ਤੇ ਪਹੁੰਚ ਗਿਆ ਹੈ। ਇਸ ਨੂੰ ਲੈ ਕੇ ਬਹਿਸ਼ ਸ਼ੁਰੂ ਹੋਣ ਬਾਅਦ ਭਾਵੇਂ IMA ਨੇ ਇਸ ਦਾਅਵੇ ਤੋਂ ਪੱਲਾ ਝਾੜਦਿਆਂ ਇਸ ਨੂੰ ਨਿੱਜੀ ਬਿਆਨ ਕਰਾਰ ਦਿਤਾ ਹੈ। ਫਿਰ ਵੀ ਕਮਿਊਨਿਟੀ ਟਰਾਂਸਮਿਸ਼ਨ ਕੀ ਹੈ, ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਬਾਰੇ ਜਾਣਕਾਰੀ ਹੋਣਾ ਜ਼ਰੂਰੀ ਹੈ। ਦਰਅਸਲ, ਕਿਸੇ ਅਣਜਾਣ ਵਾਇਰਸ ਬਿਮਾਰੀ ਦੇ ਸੰਕ੍ਰਮਣ ਜਾਂ ਫੈਲਣ ਦੇ 4 ਸਟੇਜ ਹੁੰਦੇ ਹਨ। ਕੋਰੋਨਾਵਾਇਰਸ ਦੇ ਮਾਮਲੇ ਵਿਚ ਵੀ ਇਸ ਦੇ 4 ਸਟੇਜ ਹਨ।

ਕਮਿਊਨਿਟੀ ਟਰਾਂਸਮਿਸ਼ਨ ਤੀਸਰੀ ਸਟੇਜ : ਇਸ ਸਟੇਜ 'ਚ ਸੰਕਰਮਣ ਬਹੁਤ ਸਾਰੇ ਲੋਕਾਂ 'ਚ ਇਕੋ ਸਮੇਂ ਇਕੋ ਥਾਂ 'ਤੇ ਮਿਲਦਾ ਹੈ। ਇਸ ਵਿਚ ਟਰੈਵਲ ਹਿਸਟਰੀ ਜਾਂ ਸੰਪਰਕ ਵਿਚ ਆਉਣ ਵਾਲੇ ਲੋਕ ਹੀ ਸੰਕਰਮਿਤ ਨਹੀਂ ਹੁੰਦੇ, ਬਲਕਿ ਅਜਿਹੇ ਲੋਕਾਂ ਵਿਚ ਵੀ ਸੰਕਰਮਣ ਫੈਲਦਾ ਹੈ, ਜੋ ਕਿਸੇ ਦੇ ਸੰਪਰਕ ਵਿਚ ਨਹੀਂ ਆਇਆ ਹੁੰਦਾ। ਇਸ ਸਥਿਤੀ ਵਿਚ ਵਾਇਰਸ ਨੂੰ ਟਰੇਸ ਕਰਨਾ ਸੰਭਵ ਨਹੀਂ ਹੈ। ਇਸ ਸਥਿਤੀ ਨੂੰ ਕਮਿਊਨਿਟੀ ਟਰਾਂਸਮਿਸ਼ਨ ਜਾਂ ਕਮਿਊਨਿਟੀ ਸਪਰੈੱਡ ਕਿਹਾ ਜਾਂਦਾ ਹੈ।

ਚੌਥੀ ਤੇ ਆਖ਼ਰੀ ਸਟੇਜ : ਇਹ ਲਾਗ ਦਾ ਆਖਰੀ ਤੇ ਸਭ ਤੋਂ ਖ਼ਤਰਨਾਕ ਪੜਾਅ ਹੈ। ਇਸ ਸਥਿਤੀ 'ਤੇ ਪਹੁੰਚਣ 'ਤੇ ਇਹ ਬਿਮਾਰੀ ਉਸ ਖੇਤਰ 'ਚ ਇਕ ਮਹਾਮਾਰੀ ਦਾ ਰੂਪ ਧਾਰ ਲੈਂਦੀ ਹੈ ਤੇ ਲਾਗ ਦੇ ਮਾਮਲਿਆਂ 'ਚ ਇਕ ਹੈਰਾਨੀਜਨਕ ਵਾਧਾ ਹੁੰਦਾ ਹੈ। ਨਾਲ ਹੀ, ਮਰਨ ਵਾਲਿਆਂ ਦੀ ਗਿਣਤੀ ਵੀ ਇਕੋ ਸਮੇਂ ਵਧਣ ਲੱਗਦੀ ਹੈ। ਇਸ ਪੜਾਅ 'ਚ ਬਿਮਾਰੀ ਨੂੰ ਉਸ ਖੇਤਰ 'ਚ ਜਾਂ ਉਸ ਦੇਸ਼ 'ਚ ਪੂਰੀ ਤਰ੍ਹਾਂ ਫੈਲਿਆ ਮੰਨਿਆ ਜਾਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।