ਚਿੰਤਾਜਨਕ ਰਫ਼ਤਾਰ ਨਾਲ ਵੱਧ ਰਿਹੈ ਕਰੋਨਾ ਮੀਟਰ, ਪਾਬੰਦੀਆਂ ਵਧਣ ਦੀਆਂ ਸੰਭਾਵਨਾਵਾਂ ਵਧੀਆਂ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੁਨੀਆਂ ਭਰ ਅੰਦਰ ਕਰੋਨਾ ਪੀੜਤਾਂ ਦਾ ਅੰਕੜਾ 1.21 ਕਰੋੜ ਤੋਂ ਪਾਰ, 70 ਲੱਖ ਠੀਕ ਹੋਏ

Corona Virus

ਚੰਡੀਗੜ੍ਹ : ਦੁਨੀਆਂ ਭਰ ਅੰਦਰ ਵੱਧ ਰਹੇ ਕਰੋਨਾ ਮੀਟਰ ਨੇ ਇਕ ਵਾਰ ਸਭ ਦੀਆਂ ਚਿੰਤਾਵਾਂ ਵਧਾ ਦਿਤੀਆਂ ਹਨ। ਦੁਨੀਆਂ ਭਰ ਅੰਦਰ ਕੋਰੋਨਾ ਤੋਂ ਪੀੜਤ ਮਰੀਜ਼ਾਂ ਦਾ ਅੰਕੜਾ 1.21 ਕਰੋੜ ਤੋਂ ਵੀ ਪਾਰ ਪਹੁੰਚ ਚੁੱਕਾ ਹੈ। ਵਰਲਮੋਮੀਟਰ ਦੀ ਤਾਜ਼ਾ ਰਿਪੋਰਟ ਮੁਤਾਬਕ ਦੁਨੀਆਂ ਭਰ ਅੰਦਰ ਇਸ ਸਮੇਂ 1 ਕਰੋੜ, 21 ਲੱਖ, 55 ਹਜ਼ਾਰ ਤੋਂ ਵਧੇਰੇ ਲੋਕ ਕਰੋਨਾ ਦੀ ਲਪੇਟ 'ਚ ਆ ਚੁੱਕੇ ਹਨ। ਇਸੇ ਤਰ੍ਹਾਂ ਕਰੋਨਾ ਕਾਰਨ ਦਮ ਤੋੜ ਚੁੱਕੇ ਲੋਕਾਂ ਦੀ ਗਿਣਤੀ ਵੀ 5 ਲੱਖ, 51 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ।

ਇਨ੍ਹਾਂ ਡਰਾਉਣੇ ਅੰਕੜਿਆਂ ਦਰਮਿਆਨ ਰਾਹਤ ਦੀ ਖ਼ਬਰ ਇਹ ਹੈ ਕਿ 70 ਲੱਖ ਤੋਂ ਵਧੇਰੇ ਲੋਕ ਕਰੋਨਾ ਨੂੰ ਮਾਤ ਦੇਣ 'ਚ ਸਫ਼ਲ ਵੀ ਹੋਏ ਹਨ। ਮੌਜੂਦਾ ਸਮੇਂ ਕੁੱਲ ਐਕਟਿਵ ਕੇਸਾਂ ਦੀ ਗਿਣਤੀ 45 ਲੱਖ, 79 ਹਜ਼ਾਰ ਦੇ ਕਰੀਬ ਹੈ। ਕਰੋਨਾ ਪੀੜਤ ਦੇਸ਼ਾਂ ਦੀ ਕਤਾਰ ਅਮਰੀਕਾ ਅਜੇ ਵੀ ਪਹਿਲੇ ਸਥਾਨ 'ਤੇ ਖੜ੍ਹਾ ਹੈ। ਅਮਰੀਕਾ 'ਚ 31 ਲੱਖ ਤੋਂ ਵਧੇਰੇ ਲੋਕ ਕਰੋਨਾ ਨਾਲ ਜੂਝ ਰਹੇ ਹਨ ਜਦਕਿ 1 ਲੱਖ 34 ਹਜ਼ਾਰ ਤੋਂ ਵਧੇਰੇ ਲੋਕ ਕਰੋਨਾ ਦੀ ਜੰਗ ਹਾਰ ਚੁੱਕੇ ਹਨ।

ਹੁਣ ਜਦੋਂ ਦੁਨੀਆ ਦੇ ਜ਼ਿਆਦਾਤਰ ਦੇਸ਼ ਲੌਕਡਾਊਨ ਦੀਆਂ ਪਾਬੰਦੀਆਂ ਤੋਂ ਕਾਫ਼ੀ ਹੱਦ ਤਕ ਬਾਹਰ ਆ  ਚੁੱਕੇ ਹਨ, ਅਜਿਹੇ ਸਮੇਂ ਕਰੋਨਾ ਮੀਟਰ ਦੀ ਵਧਦੀ ਰਫ਼ਤਾਰ ਨੇ ਮੁੜ ਲੌਕਡਾਊਨ ਦੀਆਂ ਕਿਆਸ-ਅਰਾਈਆਂ ਨੂੰ ਹਵਾ ਦੇਣੀ ਸ਼ੁਰੂ ਕਰ ਦਿਤੀ ਹੈ। ਭਾਰਤ ਅੰਦਰ ਵੀ ਕਰੋਨਾ ਮਰੀਜ਼ਾਂ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਕਈ ਥਾਈ ਮੁੜ ਲੌਕਡਾਉੂਨ ਲਗਾਉਣ ਦੀ ਨੌਬਤ ਆਈ ਹੈ।

ਇਸੇ ਤਰ੍ਹਾਂ ਦੁਨੀਆ ਦੇ ਬਾਕੀ ਦੇਸ਼ਾਂ ਨੇ ਮੁੜ ਸਖ਼ਤੀ ਵਰਤਦੀ ਸ਼ੁਰੂ ਕਰ ਦਿਤੀ ਹੈ। ਆਸਟ੍ਰੇਲੀਆ 'ਚ ਵੀ ਮੁੜ ਲੌਕਡਾਊਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਤਰ੍ਹਾਂ ਇਟਲੀ ਨੇ ਵੀ ਮੁੜ ਤੋਂ ਸਾਵਧਾਨੀ ਵਰਤਣੀ ਸ਼ੁਰੂ ਕਰ ਦਿਤੀ ਹੈ। ਇਟਲੀ ਦੇ ਦੋ ਹਵਾਈ ਅੱਡਿਆਂ 'ਤੇ ਦੋਹਾਂ ਤੋਂ ਬੰਗਲਾਦੇਸ਼ ਦੇ ਨਾਗਰਿਕਾਂ ਨੂੰ ਲੈ ਕੇ ਆਏ ਦੋ ਜਹਾਜ਼ਾਂ ਨੂੰ ਰੋਕ ਦਿਤਾ ਗਿਆ ਹੈ। ਇਨ੍ਹਾਂ ਜਹਾਜ਼ਾਂ 'ਚ 175 ਯਾਤਰੀ ਸਵਾਰ ਸਨ ਜਿਨ੍ਹਾਂ ਨੂੰ ਉਤਰਨ ਦੀ ਇਜਾਜ਼ਤ ਨਹੀਂ ਦਿਤੀ ਗਈ। ਇਨ੍ਹਾਂ ਵਿਚ 135 ਬੰਗਲਾਦੇਸ਼ੀ ਨਾਗਰਿਕ ਸਨ। ਇਕ ਗਰਭਵਤੀ ਔਰਤ ਨੂੰ ਛੱਡ ਕੇ ਬਾਕੀ ਸਭ ਨੂੰ ਵਾਪਸ ਦੋਹਾ ਭੇਜ ਦਿਤਾ ਗਿਆ ਹੈ।

ਇਸੇ ਤਰ੍ਹਾਂ ਗੁਆਢੀ ਮੁਲਕ ਪਾਕਿਸਤਾਨ ਵਿਚ ਵੀ ਕਰੋਨਾ ਪੀੜਤਾਂ ਦਾ ਅੰਕੜਾ 2,39,225 ਤੋਂ ਪਾਰ ਪਹੁੰਚ ਚੁੱਕਾ ਹੈ। ਇੱਥੇ 4945 ਲੋਕ ਕਰੋਨਾ ਕਾਰਨ ਮੌਤ ਦੇ ਮੂੰਹ 'ਚ ਜਾ ਪਏ ਹਨ। ਵਧਦੇ ਕਰੋਨਾ ਮੀਟਰ ਤੋਂ ਡਰੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੌਮਾਂਤਰੀ ਭਾਈਚਾਰੇ ਕੋਲ ਮਦਦ ਦੀ ਗੁਹਾਰ ਵੀ ਲਗਾਈ ਹੈ। ਇਸੇ ਤਰ੍ਹਾਂ ਬ੍ਰਾਜੀਲ ਵਿਚ ਵੀ ਕਰੋਨਾ ਦਾ ਕਹਿਰ ਜਾਰੀ ਹੈ। ਇੱਥੇ ਰੋਜਾਨਾ ਮੌਤਾਂ ਦਾ ਅੰਕੜਾ ਅਮਰੀਕਾ ਦੇ ਬਰਾਬਰ ਹੈ। ਬ੍ਰਾਜੀਲ 'ਚ ਕਰੋਨਾ ਤੋਂ ਪੀੜਤ ਮਰੀਜ਼ਾਂ ਦਾ ਅੰਕੜਾ 17 ਲੱਖ ਦੇ ਕਰੀਬ ਪਹੁੰਚ ਚੁੱਕਾ ਹੈ। ਬ੍ਰਾਜੀਲ ਤੋਂ ਬਾਅਦ ਭਾਰਤ ਅਤੇ ਰੂਸ ਅੰਦਰ ਵੀ ਕਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।