ਮਾਂ ਨੇ ਜੌੜੀਆਂ ਧੀਆਂ ਨਾਲ ਪਾਸ ਕੀਤੀ 12ਵੀਂ ਦੀ ਪ੍ਰੀਖਿਆ, ਚਾਰੇ ਪਾਸੇ ਹੋ ਰਹੀਆਂ ਤਾਰੀਫਾਂ
ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਵਿਚ ਰਹਿਣ ਵਾਲੀ ਇਕ ਮਾਂ ਨੇ ਅਪਣੀਆਂ ਜੌੜੀਆਂ ਧੀਆਂ ਦੇ ਨਾਲ 12ਵੀਂ ਦੀ ਪ੍ਰੀਖਿਆ ਦਿੱਤੀ
ਮੁੰਬਈ: ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਵਿਚ ਰਹਿਣ ਵਾਲੀ ਇਕ ਮਾਂ ਨੇ ਅਪਣੀਆਂ ਜੌੜੀਆਂ ਧੀਆਂ ਦੇ ਨਾਲ 12ਵੀਂ ਦੀ ਪ੍ਰੀਖਿਆ ਦਿੱਤੀ ਅਤੇ ਚੰਗੇ ਨੰਬਰਾਂ ਨਾਲ ਪਾਸ ਹੋ ਕੇ ਸਾਬਤ ਕਰ ਦਿੱਤਾ ਕਿ ਪੜ੍ਹਨ ਲਿਖਣ ਦੀ ਕੋਈ ਉਮਰ ਨਹੀਂ ਹੁੰਦੀ। ਘਰ ਦੇ ਕੰਮ ਕਾਜ ਸੰਭਾਲਦੇ ਹੋਏ ਪਿੰਡ ਵਿਚ ਰਹਿਣ ਵਾਲੀ ਮਾਂ ਨੇ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ।
ਦੋ ਜੌੜੀਆਂ ਧੀਆਂ ਅਤੇ ਉਹਨਾਂ ਦੀ ਮਾਂ ਨੇ 12ਵੀਂ ਦੀ ਪ੍ਰੀਖਿਆ ਦਿੱਤੀ ਸੀ ਅਤੇ ਜਦੋਂ ਨਤੀਜਾ ਆਇਆ ਤਾਂ ਘਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਧੀਆਂ ਨੇ ਪ੍ਰੀਖਿਆ ਵਿਚ ਪਾਸ ਹੋ ਕੇ ਸਫਲਤਾ ਪ੍ਰਾਪਤ ਕੀਤੀ ਤਾਂ ਮਾਂ ਨੇ ਵੀ 12ਵੀਂ ਦੀ ਪ੍ਰੀਖਿਆ ਵਿਚ 58 ਫੀਸਦੀ ਅੰਕ ਹਾਸਲ ਕਰ ਕੇ ਸਫਲਤਾ ਪ੍ਰਾਪਤ ਕਰਦੇ ਹੋਏ ਇਕ ਮਿਸਾਲ ਕਾਇਮ ਕੀਤੀ ਹੈ।
ਹੁਣ ਇਸ ਸੁਪਰ ਮੌਮ ਦੀ ਚਾਰੇ ਪਾਸੇ ਤਾਰੀਫ ਹੋ ਰਹੀ ਹੈ। 12ਵੀਂ ਵਿਚ ਸਫਲਤਾ ਪ੍ਰਾਪਤ ਕਰਨ ਵਾਲੀ ਮਾਂ ਦਾ ਨਾਮ ਕਲਪਨਾ ਦੇਵੀਦਾਸ ਹੈ। ਕਲਪਨਾ ਚੰਦਰਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਉਹ ਘਰ ਦੇ ਕੰਮ ਕਾਜ ਤੋਂ ਇਲਾਵਾ ਆਂਗਨਵਾੜੀ ਵਿਚ ਵੀ ਕੰਮ ਕਰਦੀ ਹੈ। ਉਹਨਾਂ ਦੇ ਪਤੀ ਇਕ ਨਿੱਜੀ ਕੰਪਨੀ ਵਿਚ ਡਰਾਇਵਰ ਵਜੋਂ ਕੰਮ ਕਰਦੇ ਹਨ।
ਜਦੋਂ ਕਲਪਨਾ ਦੀਆਂ ਧੀਆਂ ਨੇ 10ਵੀਂ ਦੀ ਪ੍ਰੀਖਿਆ ਦਿੱਤੀ ਸੀ ਤਾਂ ਕਲਪਨਾ ਨੇ ਵੀ 10ਵੀਂ ਦੀ ਪ੍ਰੀਖਿਆ ਦਿੱਤੀ ਸੀ ਤੇ ਸਫਲਤਾ ਪ੍ਰਾਪਤ ਕੀਤੀ ਸੀ। ਹੁਣ 12ਵੀਂ ਦੀ ਪ੍ਰੀਖਿਆ ਪਾਸ ਕਰ ਕੇ ਕਲਪਨਾ ਨੇ ਸਾਬਿਤ ਕਰ ਦਿੱਤਾ ਹੈ ਕਿ ਮਿਹਨਤ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ। ਮਾਂ ਦੀ ਪੜ੍ਹਾਈ ਦੌਰਾਨ ਧੀਆਂ ਨੇ ਹਰ ਸੰਭਵ ਮਦਦ ਕੀਤੀ ਹੈ। 12ਵੀਂ ਦੀ ਪ੍ਰੀਖਿਆ ਵਿਚੋਂ ਕਲਪਨਾ ਨੇ 58 ਫੀਸਦੀ ਅਤੇ ਉਸ ਦੀਆਂ ਧੀਆਂ ਨੇ 62 ਫੀਸਦੀ ਅਤੇ 56 ਫੀਸਦੀ ਅੰਕ ਹਾਸਲ ਕੀਤੇ ਹਨ।