Pegasus ਮਾਮਲੇ 'ਤੇ ਮਾਇਆਵਤੀ ਦਾ ਤੰਜ਼, ਕੇਂਦਰ ਦੀ ਸਫ਼ਾਈ ਲੋਕਾਂ ਦੇ ਗਲੇ ਨਹੀਂ ਉਤਰ ਰਹੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਕੇਸ ਦਾ ਪਰਦਾਫਾਸ਼ ਹੋ ਜਾਣ ਨਾਲ ਦੇਸ਼ ਵਿਚ ਵੀ ਹਲਚਲ ਮਚੀ ਹੋਈ ਹੈ।

Mayawati

ਨਵੀਂ ਦਿੱਲੀ - ਦੇਸ਼ ਵਿਚ ਕਈ ਮਸ਼ਹੂਰ ਹਸਤੀਆਂ ਦੇ ਫੋਨ ਦੀ ਕਥਿਤ ਜਾਸੂਸੀ ਸਬੰਧੀ ਰਿਪੋਰਟਾਂ ਸਾਹਮਣੇ ਆਈਆਂ ਹਨ। ਇਹ ਮਾਮਲਾ ਦੇਸ਼ ਵਿਚ ਕਾਫੀ ਗਰਮਾਇਆ ਹੋਇਆ ਹੈ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਜ਼ਾਰਾਇਲ ਦੀ ਕੰਪਨੀ ਐਨਐਸਓ ਦੇ ਪੇਗਾਸਸ ਸਪਾਇਵੇਅਰ ਜ਼ਰੀਏ ਦੁਨੀਆਂ ਭਰ ਦੇ ਕਰੀਬ 50 ਹਜ਼ਾਰ ਲੋਕਾਂ ਦੇ ਫੋਨ ਟੈਪ ਕੀਤੇ ਗਏ ਹਨ। ਇਸ ਸੂਚੀ ਵਿਚ ਭਾਰਤ ਦੇ 300 ਲੋਕਾਂ ਦੇ ਨਾਂਅ ਸ਼ਾਮਲ ਹਨ, ਜਿਨ੍ਹਾਂ ਵਿਚ ਪੱਤਰਕਾਰ, ਜੱਜ, ਮੰਤਰੀ, ਨੇਤਾ, ਕਾਰਕੁੰਨ ਆਦਿ ਸ਼ਾਮਲ ਹਨ। ਹੁਣ ਇਸ ਨੂੰ ਲੈ ਕੇ ਬਸਪਾ ਮੁਖੀ ਮਾਇਵਤੀ ਨੇ ਵੀ ਟਵੀਟ ਕਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ।

ਇਹ ਵੀ ਪੜ੍ਹੋ -  ਰਿਪੋਰਟ ਦਾ ਦਾਅਵਾ- ਇਜ਼ਰਾਇਲੀ ਸਾਫਟਵੇਅਰ ਜ਼ਰੀਏ 40 ਤੋਂ ਵੱਧ ਪੱਤਰਕਾਰਾਂ ਦੇ ਫੋਨ ਹੈਕ

ਇਹ ਵੀ ਪੜ੍ਹੋ -  Pegasus ਦੀ ਲਿਸਟ ਵਿਚ ਨਾਮ ਆਉਣ 'ਤੇ ਗਗਨਦੀਪ ਕੰਗ ਦਾ ਬਿਆਨ, ‘ਮੈਂ ਕੁਝ ਵੀ ਵਿਵਾਦਤ ਨਹੀਂ ਕਰਦੀ’

ਮਾਇਵਤੀ ਨੇ ਆਪਣੇ ਪਹਿਲੇ ਟਵੀਟ ਵਿਚ ਲਿਖਿਆ ਜਾਸੂਸੀ ਅਤੇ ਬਲੈਕਮੇਲ ਆਦਿ ਦੀ ਗੰਦੀ ਖੇਡ ਕੋਈ ਨਵੀਂ ਗੱਲ ਨਹੀਂ ਹੈ, ਪਰ ਬਹੁਤ ਮਹਿੰਗੇ ਉਪਕਰਣਾਂ ਨਾਲ ਨਿੱਜਤਾ ਦੀ ਉਲੰਘਣਾ ਕਰਨਾ, ਮੰਤਰੀਆਂ, ਵਿਰੋਧੀ ਨੇਤਾਵਾਂ, ਅਧਿਕਾਰੀਆਂ ਅਤੇ ਪੱਤਰਕਾਰਾਂ ਆਦਿ ਦੀ ਮਾਈਕਰੋ-ਜਾਸੂਸੀ ਕਰਨਾ ਬਹੁਤ ਗੰਭੀਰ ਅਤੇ ਖ਼ਤਰਨਾਕ ਮਾਮਲਾ ਹੈ, ਜਿਸ ਦਾ ਪਰਦਾਫਾਸ਼ ਹੋ ਜਾਣ ਨਾਲ ਦੇਸ਼ ਵਿਚ ਵੀ ਹਲਚਲ ਮਚੀ ਹੋਈ ਹੈ।

ਇਸ ਦੇ ਨਾਲ ਹੀ ਦੂਜੇ ਟਵੀਟ ਵਿਚ ਮਾਇਆਵਤੀ ਨੇ ਲਿਖਿਆ ਕਿ ਇਸ ਸਬੰਧ ਵਿਚ ਕੇਂਦਰ ਦੇ ਵਾਰ-ਵਾਰ ਸਪਸ਼ਟੀਕਰਨ, ਖੰਡਨ ਅਤੇ ਦਲੀਲਾਂ ਲੋਕਾਂ ਦੇ ਗਲੇ ਤੋਂ ਥੱਲੇ ਨਹੀਂ ਉੱਤਰ ਰਹੀਆਂ। ਸਰਕਾਰ ਅਤੇ ਦੇਸ਼ ਦੀ ਭਲਾਈ ਵੀ ਇਸ ਵਿਚ ਹੀ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਦੀ ਪੂਰੀ ਸੁਤੰਤਰ ਅਤੇ ਨਿਰਪੱਖ ਜਾਂਚ ਜਲਦੀ ਤੋਂ ਜਲਦੀ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਅੱਗੇ ਦੀ ਜ਼ਿੰਮੇਵਾਰੀ ਤੈਅ ਕੀਤੀ ਜਾ ਸਕੇ।