ਏਅਰ ਹੋਸਟੈੱਸ ਗੀਤਿਕਾ ਸ਼ਰਮਾ ਖੁਦਕੁਸ਼ੀ ਮਾਮਲ ’ਚ ਟਲੀ ਸੁਣਵਾਈ
ਅਦਾਲਤ ਇਸ ਮਾਮਲੇ ’ਤੇ 25 ਜੁਲਾਈ ਨੂੰ ਲਵੇਗੀ ਫੈਸਲਾ
ਹਿਸਾਰ : 2012 'ਚ ਮਸ਼ਹੂਰ ਏਅਰ ਹੋਸਟੈੱਸ ਗੀਤਿਕਾ ਸ਼ਰਮਾ ਖੁਦਕੁਸ਼ੀ ਮਾਮਲੇ 'ਚ ਹਰਿਆਣਾ ਦੇ ਸਿਰਸਾ ਤੋਂ ਵਿਧਾਇਕ ਗੋਪਾਲ ਕਾਂਡਾ 'ਤੇ ਰੋਜ ਐਵੇਨਿਊ ਕੋਰਟ 'ਚ ਫੈਸਲਾ ਅੱਜ ਟਾਲ ਦਿਤਾ ਗਿਆ ਹੈ। ਹੁਣ ਇਸ ਮਾਮਲੇ ’ਤੇ ਅਦਾਲਤ 25 ਜੁਲਾਈ ਨੂੰ ਆਪਣਾ ਫੈਸਲਾ ਸੁਣਾਵੇਗੀ। ਗੋਪਾਲ ਕਾਂਡਾ ਅਦਾਲਤ 'ਚ ਪਹੁੰਚ ਗਏ ਹਨ।
ਇਸ ਮਾਮਲੇ ਵਿਚ ਸਿਰਸਾ ਦਾ ਗੋਪਾਲ ਕਾਂਡਾ ਮੁੱਖ ਮੁਲਜ਼ਮ ਹੈ, ਜਦੋਂਕਿ ਐਮਡੀਐਲਆਰ ਕੰਪਨੀ ਵਿਚ ਸੀਨੀਅਰ ਮੈਨੇਜਰ ਰਹੀ ਅਰੁਣਾ ਚੱਢਾ ਵੀ ਮੁਲਜ਼ਮ ਹੈ।
ਕਾਂਡਾ ਇਸ ਮਾਮਲੇ ਵਿਚ 18 ਮਹੀਨੇ ਜੇਲ ਕੱਟ ਚੁੱਕੇ ਹਨ। ਦੂਜੇ ਪਾਸੇ ਅਦਾਲਤ ਦਾ ਫੈਸਲਾ ਵਿਧਾਇਕ ਗੋਪਾਲ ਕਾਂਡਾ ਦੇ ਸਿਆਸੀ ਭਵਿੱਖ ਦਾ ਫੈਸਲਾ ਕਰੇਗਾ, ਜੇਕਰ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਉਹ ਵਿਧਾਇਕ ਦੇ ਅਹੁਦੇ ਤੋਂ ਹੱਥ ਧੋ ਸਕਦੇ ਹਨ।
ਗੀਤਿਕਾ ਸ਼ਰਮਾ ਨੇ 5 ਅਗਸਤ 2012 ਨੂੰ ਅਸ਼ੋਕ ਵਿਹਾਰ, ਦਿੱਲੀ ਵਿਚ ਆਪਣੇ ਘਰ ਵਿਚ ਖੁਦਕੁਸ਼ੀ ਕਰ ਲਈ ਸੀ। ਉਸ ਨੇ ਆਪਣੇ ਗਲੇ ਵਿਚ ਫੰਦਾ ਲਗਾਇਆ ਹੋਇਆ ਸੀ। ਪੁਲਿਸ ਨੂੰ ਗੀਤਿਕਾ ਦੇ ਘਰੋਂ ਇੱਕ ਸੁਸਾਈਡ ਨੋਟ ਮਿਲਿਆ ਹੈ। ਜਿਸ ਵਿਚ ਉਸ ਨੇ ਗੋਪਾਲ ਕਾਂਡਾ ਅਤੇ ਐਮਡੀਐਲਆਰ ਦੀ ਮੈਨੇਜਰ ਅਰੁਣਾ ਚੱਢਾ ਨੂੰ ਖੁਦਕੁਸ਼ੀ ਲਈ ਜ਼ਿੰਮੇਵਾਰ ਠਹਿਰਾਇਆ ਸੀ। ਗੀਤਿਕਾ ਨੇ ਲਿਖਿਆ ਕਿ ਮੈਂ ਖੁਦ ਨੂੰ ਮਾਰ ਰਹੀ ਹਾਂ। ਮੇਰਾ ਵਿਸ਼ਵਾਸ ਟੁੱਟ ਗਿਆ ਹੈ। ਮੈਨੂੰ ਧੋਖਾ ਦਿਤਾ ਗਿਆ ਸੀ। ਗੋਪਾਲ ਕਾਂਡਾ ਅਤੇ ਅਰੁਣਾ ਚੱਢਾ ਨੇ ਮੇਰਾ ਭਰੋਸਾ ਤੋੜ ਦਿਤਾ।
ਗੀਤਿਕਾ ਖੁਦਕੁਸ਼ੀ ਮਾਮਲੇ ਦਾ ਦੋਸ਼ੀ ਗੋਪਾਲ ਕਾਂਡਾ ਉਸ ਸਮੇਂ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਹੁੱਡਾ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿਚ ਮੰਤਰੀ ਸੀ। ਗੋਪਾਲ ਕਾਂਡਾ ਨੇ ਆਜ਼ਾਦ ਉਮੀਦਵਾਰਾਂ ਦੇ ਨਾਲ ਹੁੱਡਾ ਸਰਕਾਰ ਦਾ ਸਮਰਥਨ ਕੀਤਾ। ਬਦਲੇ ਵਿਚ ਉਨ੍ਹਾਂ ਨੂੰ ਹੁੱਡਾ ਸਰਕਾਰ ਵਿਚ ਗ੍ਰਹਿ ਰਾਜ ਮੰਤਰੀ ਦਾ ਅਹੁਦਾ ਮਿਲਿਆ। ਗੀਤਿਕਾ ਖੁਦਕੁਸ਼ੀ ਕੇਸ ਵਿਚ ਨਾਮ ਆਉਣ ਤੋਂ ਬਾਅਦ ਗੋਪਾਲ ਨੂੰ ਆਪਣਾ ਮੰਤਰੀ ਅਹੁਦਾ ਛੱਡਣਾ ਪਿਆ ਸੀ ਅਤੇ ਤਿਹਾੜ ਜੇਲ੍ਹ ਵਿਚ ਰਹਿਣਾ ਪਿਆ ਸੀ।