ਅਸਾਮ ਦੇ ਮੁੱਖ ਮੰਤਰੀ ਨੇ ਟਵਿੱਟਰ ਬਾਇਓ 'ਚ INDIA ਦੀ ਜਗ੍ਹਾ ਲਿਖਿਆ 'BHARAT'

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ- ਬਸਤੀਵਾਦੀ ਵਿਰਾਸਤ ਤੋਂ ਮੁਕਤ ਹੋਣ ਦੀ ਲੋੜ ਹੈ

photo

 

ਨਵੀਂ ਦਿੱਲੀ : ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਮੰਗਲਵਾਰ ਨੂੰ ਵਿਰੋਧੀ ਧਿਰ ਵੱਲੋਂ ਆਪਣੇ ਗਠਜੋੜ ਦਾ ਨਾਮ ਬਦਲ ਕੇ 'INDIA' ਕਰਨ ਤੋਂ ਬਾਅਦ ਮੰਗਲਵਾਰ ਨੂੰ ਆਪਣਾ ਟਵਿੱਟਰ ਬਾਇਓ 'INDIA' ਤੋਂ 'BHARAT' ਕਰ ਦਿਤਾ। ਮੁੱਖ ਮੰਤਰੀ ਦੇ ਪੁਰਾਣੇ ਟਵਿੱਟਰ ਬਾਇਓ ਵਿਚ ਪਹਿਲਾਂ 'ਆਸਾਮ ਦੇ ਮੁੱਖ ਮੰਤਰੀ, INDIA ਲਿਖਿਆ ਹੋਇਆ ਸੀ, ਜਿਸ ਨੂੰ ਹੁਣ ਉਨ੍ਹਾਂ ਨੇ 'ਆਸਾਮ ਦੇ ਮੁੱਖ ਮੰਤਰੀ, 'BHARAT' ਵਿਚ ਬਦਲ ਦਿੱਤਾ ਹੈ।

ਵਿਰੋਧੀ ਪਾਰਟੀਆਂ ਦੇ ਗਠਜੋੜ ਦੇ ਨਵੇਂ ਨਾਂ 'ਤੇ ਚੁਟਕੀ ਲੈਂਦਿਆਂ ਮੁੱਖ ਮੰਤਰੀ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਬ੍ਰਿਟਿਸ਼ ਨੇ ਦੇਸ਼ ਦਾ ਨਾਂ INDIA ਰੱਖਿਆ ਸੀ। ਉਨ੍ਹਾਂ ਕਿਹਾ ਕਿ ਸਾਨੂੰ ਦੇਸ਼ ਨੂੰ ‘ਬਸਤੀਵਾਦੀ ਵਿਰਾਸਤ’ ਤੋਂ ਮੁਕਤ ਕਰਵਾਉਣ ਲਈ ਲੜਨਾ ਚਾਹੀਦਾ ਹੈ।

ਸਰਮਾ ਦੀ ਇਹ ਟਿੱਪਣੀ ਸੱਤਾਧਾਰੀ ਐਨਡੀਏ ਦਾ ਮੁਕਾਬਲਾ ਕਰਨ ਲਈ 26 ਵਿਰੋਧੀ ਪਾਰਟੀਆਂ ਦੇ ਇਕੱਠੇ ਹੋਣ ਤੋਂ ਬਾਅਦ ਆਈ ਹੈ। ਮੁੱਖ ਮੰਤਰੀ ਨੇ ਟਵਿੱਟਰ 'ਤੇ ਲਿਖਿਆ, "ਸਾਡਾ ਸੱਭਿਅਕ ਸੰਘਰਸ਼ INDIA ਅਤੇ 'BHARAT' ਦੁਆਲੇ ਕੇਂਦਰਿਤ ਹੈ। ਅੰਗਰੇਜ਼ਾਂ ਨੇ ਸਾਡੇ ਦੇਸ਼ ਦਾ ਨਾਂ 'ਇੰਡੀਆ' ਰੱਖਿਆ ਹੈ। ਸਾਨੂੰ ਆਪਣੇ ਆਪ ਨੂੰ ਬਸਤੀਵਾਦੀ ਵਿਰਾਸਤ ਤੋਂ ਮੁਕਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ।"

ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਐਨਡੀਏ ਨੂੰ ਸਖ਼ਤ ਚੁਣੌਤੀ ਦੇਣ ਦੀ ਕੋਸ਼ਿਸ਼ ਵਿਚ, 26 ਵਿਰੋਧੀ ਪਾਰਟੀਆਂ ਨੇ ਆਪਣੇ ਗਠਜੋੜ ਦਾ ਨਾਮ 'ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (I.N.D.I.A.)' ਰੱਖਿਆ ਹੈ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ ਵਿਰੋਧੀ ਪਾਰਟੀਆਂ ਦੀ ਬੈਠਕ ਤੋਂ ਬਾਅਦ ਸਾਂਝੀ ਪ੍ਰੈੱਸ ਕਾਨਫਰੰਸ 'ਚ ਕਿਹਾ, ''ਸਾਡੇ ਗਠਜੋੜ ਦਾ ਨਾਂ 'ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ)' ਹੋਵੇਗਾ।'' ਸਾਰਿਆਂ ਨੇ ਸਰਬਸੰਮਤੀ ਨਾਲ ਪ੍ਰਸਤਾਵ ਦਾ ਸਮਰਥਨ ਕੀਤਾ।