ਮਣੀਪੁਰ 'ਚ 2 ਔਰਤਾਂ ਨੂੰ ਬਗੈਰ ਕੱਪੜਿਆਂ ਤੋਂ ਘੁੰਮਾਇਆ, ਸਮੂਹਿਕ ਬਲਾਤਕਾਰ ਦਾ ਦੋਸ਼
ਵੀਡੀਉ ਵਾਇਰਲ ਹੋਣ ਮਗਰੋਂ ਦਰਜ ਹੋਈ FIR, ਮੁਲਜ਼ਮਾਂ ਦੀ ਭਾਲ ਜਾਰੀ
ਕਾਂਗਰਸ ਨੇ ਕਿਹਾ- ਸੰਸਦ 'ਚ ਮੰਗਾਂਗੇ ਜਵਾਬ
ਮਣੀਪੁਰ : ਮਣੀਪੁਰ ਵਿਚ ਦੋ ਔਰਤਾਂ ਨੂੰ ਬਗੈਰ ਕੱਪੜਿਆਂ ਤੋਂ ਘੁਮਾਇਆ ਗਿਆ ਹੈ ਜਿਸ ਦਾ ਵੀਡੀਉ ਵਾਇਰਲ ਹੋ ਰਿਹਾ ਹੈ। ਇਹ ਵੀਡੀਉ ਸੋਸ਼ਲ ਮੀਡੀਆ 'ਤੇ #ManipurViolence ਨਾਲ ਪੋਸਟ ਕੀਤੇ ਜਾ ਰਹੇ ਹਨ।
ਸਵਦੇਸ਼ੀ ਕਬਾਇਲੀ ਲੀਡਰਜ਼ ਫੋਰਮ (ਆਈ.ਟੀ.ਐੱਲ.ਐੱਫ.) ਨੇ ਦੋਸ਼ ਲਾਇਆ ਹੈ ਕਿ ਇਕ ਖੇਤ ਵਿਚ ਦੋ ਔਰਤਾਂ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਜਥੇਬੰਦੀ ਨੇ ਮਹਿਲਾ ਕਮਿਸ਼ਨ ਅਤੇ ਐਸਟੀ ਕਮਿਸ਼ਨ ਤੋਂ ਮਾਮਲੇ ਵਿਚ ਕਾਰਵਾਈ ਦੀ ਮੰਗ ਕੀਤੀ ਹੈ। ਫੋਰਮ ਦਾ ਦਾਅਵਾ ਹੈ ਕਿ ਦੋਵੇਂ ਔਰਤਾਂ ਕੂਕੀ ਕਬੀਲੇ ਦੀਆਂ ਹਨ।
ਇਹ ਵੀ ਪੜ੍ਹੋ: Netflix ਨੇ ਭਾਰਤ ਵਿਚ ਖ਼ਤਮ ਕੀਤੀ ਪਾਸਵਰਡ ਸ਼ੇਅਰਿੰਗ ਦੀ ਸਹੂਲਤ
ITLF ਨੇ ਕਿਹਾ ਕਿ ਵੀਡੀਉ 'ਚ ਭੀੜ ਬੇਸਹਾਰਾ ਔਰਤਾਂ ਨਾਲ ਛੇੜਛਾੜ ਕਰਦੀ ਨਜ਼ਰ ਆ ਰਹੀ ਹੈ। ਔਰਤਾਂ ਰੋ ਰਹੀਆਂ ਹਨ ਅਤੇ ਅਗਵਾਕਾਰਾਂ ਨੂੰ ਬੇਨਤੀਆਂ ਕਰ ਰਹੀਆਂ ਹਨ। ਇਹ ਘਟਨਾ 4 ਮਈ ਨੂੰ ਇੰਫਾਲ ਤੋਂ ਕਰੀਬ 35 ਕਿਲੋਮੀਟਰ ਦੂਰ ਕੰਗਪੋਕਪੀ ਜ਼ਿਲ੍ਹੇ ਦੀ ਦੱਸੀ ਜਾ ਰਹੀ ਹੈ। ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਇਹ ਵੀਡੀਉ ਉਦੋਂ ਸਾਹਮਣੇ ਨਹੀਂ ਆ ਸਕੀ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਕਾਂਗਰਸ ਨੇਤਾਵਾਂ ਪ੍ਰਿਅੰਕਾ ਗਾਂਧੀ ਅਤੇ ਅਲਕਾ ਲਾਂਬਾ ਨੇ ਇਸ ਘਟਨਾ ਦਾ ਵਿਰੋਧ ਕੀਤਾ ਹੈ। ਉਨ੍ਹਾਂ ਸਾਰੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਅੱਜ ਹੋ ਰਹੇ ਮਾਨਸੂਨ ਇਜਲਾਸ ਦੌਰਾਨ ਮਣੀਪੁਰ ਵਿਚ ਔਰਤਾਂ ਨਾਲ ਹੋ ਰਹੇ ਇਸ ਅਤਿਆਚਾਰ ਬਾਰੇ ਗੱਲ ਕੀਤੀ ਜਾਵੇ ਅਤੇ ਸਦਨ ਵਿਚ ਇਹ ਮਾਮਲਾ ਚੁੱਕਿਆ ਜਾਵੇ।
ਮਣੀਪੁਰ ਪੁਲਿਸ ਨੇ ਦਸਿਆ ਕਿ ਵਾਇਰਲ ਵੀਡੀਉ ਵਿਚ ਭੀੜ ਵਿਚ ਦੋ ਔਰਤਾਂ ਬਗੈਰ ਕੱਪੜਿਆਂ ਦੇ ਨਜ਼ਰ ਆ ਰਹੀਆਂ ਹਨ। ਨੰਗਪੋਕ ਸਕਮਾਈ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਭਾਲ ਜਾਰੀ ਹੈ।