ਕਸ਼ਮੀਰ ਸਬੰਧੀ ਸ਼ਾਹ ਤੇ ਡੋਭਾਲ ਨੇ ਕੀਤੀ ਬੈਠਕ, ਸੁਰੱਖਿਆ ਹਾਲਾਤ ਦਾ ਜਾਇਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਧਿਕਾਰੀਆਂ ਨੇ ਦਸਿਆ ਕਿ ਐਨਐਸਏ ਨੇ ਗ੍ਰਹਿ ਮੰਤਰੀ ਨੂੰ ਜੰਮੂ ਕਸ਼ਮੀਰ ਦੀ ਮੁਕੰਮਲ ਸਥਿਤੀ ਤੋਂ ਜਾਣੂ ਕਰਾਇਆ

amit shah & Ajit Singh Doval

ਨਵੀਂ ਦਿੱਲੀ: ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਪੰਜ ਅਗੱਸਤ ਤੋਂ ਪ੍ਰਸ਼ਾਸਨਿਕ ਪਾਬੰਦੀਆਂ ਝੱਲ ਰਹੇ ਜੰਮੂ ਕਸ਼ਮੀਰ ਦੇ ਮੌਜੂਦਾ ਹਾਲਾਤ ਤੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਾਣੂੰ ਕਰਾਇਆ। ਕਸ਼ਮੀਰ ਘਾਟੀ ਵਿਚੋਂ ਮੁੜਨ ਮਗਰੋਂ ਡੋਭਾਲ ਦੀ ਸ਼ਾਹ ਨਾਲ ਇਹ ਪਹਿਲੀ ਬੈਠਕ ਹੈ। ਉਹ ਘਾਟੀ ਵਿਚ ਦਸ ਦਿਨਾਂ ਤਕ ਰੁਕੇ ਸਨ ਅਤੇ ਉਥੇ ਉਨ੍ਹਾਂ ਹਾਲਾਤ 'ਤੇ ਨੇੜਿਉਂ ਨਜ਼ਰ ਰੱਖੀ ਹੋਈ ਸੀ।

ਅਧਿਕਾਰੀਆਂ ਨੇ ਦਸਿਆ ਕਿ ਐਨਐਸਏ ਨੇ ਗ੍ਰਹਿ ਮੰਤਰੀ ਨੂੰ ਜੰਮੂ ਕਸ਼ਮੀਰ ਦੀ ਮੁਕੰਮਲ ਸਥਿਤੀ ਤੋਂ ਜਾਣੂ ਕਰਾਇਆ। ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗੌਬਾ ਅਤੇ ਹੋਰ ਸਿਖਰਲੇ ਅਧਿਕਾਰੀ ਵੀ ਇਸ ਬੈਠਕ ਵਿਚ ਮੌਜੂਦ ਸਨ ਜਿਸ ਵਿਚ ਰਾਜ ਵਿਚ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਚੁੱਕੇ ਗਏ ਕਦਮਾਂ ਦੀ ਸਮੀਖਿਆ ਕੀਤੀ ਗਈ। ਅਧਿਕਾਰੀਆਂ ਮੁਤਾਬਕ ਜੰਮੂ ਕਸ਼ਮੀਰ ਦੇ ਵੱਖ ਵੱਖ ਹਿੱਸਿਆਂ ਵਿਚ ਲਾਈਆਂ ਗਈਆਂ ਪਾਬੰਦੀਆਂ ਨਾਲ ਜੁੜੇ ਮੁੱਦਿਆਂ 'ਤੇ ਵੀ ਬੈਠਕ ਵਿਚ ਚਰਚਾ ਹੋਈ।

ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੀ ਧਾਰਾ 370 ਖ਼ਤਮ ਕੀਤੇ ਜਾਣ ਮਗਰੋਂ ਪੰਜ ਅਗੱਸਤ ਤੋਂ ਰਾਜ ਵਿਚ ਪਾਬੰਦੀਆਂ ਲਗੀਆਂ ਹੋਈਆਂ ਹਨ। 
ਸੰਚਾਰ ਸਾਧਨ ਠੱਪ ਹਨ ਅਤੇ ਲੋਕਾਂ ਨੂੰ ਘਰਾਂ ਅੰਦਰ ਰਹਿਣਾ ਪੈ ਰਿਹਾ ਹੈ। ਕਈ ਵਾਰ ਕਰਫ਼ੀਊ ਵਿਚ ਢਿੱਲ ਵੀ ਦਿਤੀ ਗਈ ਹੈ ਪਰ ਕਲ ਇਕ ਵਾਰ ਫਿਰ ਪਾਬੰਦੀਆਂ ਲਾ ਦਿਤੀਆਂ ਗਈਆਂ ਕਿਉਂਕਿ ਕੁੱਝ ਥਾਈਂ ਹਿੰਸਾ ਦੀਆਂ ਘਟਨਾਵਾਂ ਵਾਪਰ ਗਈਆਂ ਸਨ।