ਰਾਹੁਲ ਗਾਂਧੀ ਚੀਨ ਦੀ ‘ਪ੍ਰੋਪੇਗੰਡਾ ਮਸ਼ੀਨਰੀ’ ਵਾਂਗ ਕੰਮ ਕਰ ਰਹੇ ਹਨ: ਭਾਜਪਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਰਾਹੁਲ ਗਾਂਧੀ ਦੇ ਦਾਅਵਿਆਂ ਨੂੰ ‘ਬਿਲਕੁਲ ਝੂਠ’ ਕਰਾਰ ਦਿਤਾ

Ravi Shankar Prasad

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਐਤਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਉਸ ਦਾਅਵੇ ਨੂੰ ਖਾਰਜ ਕਰ ਦਿਤਾ ਕਿ ਚੀਨ ਨੇ ਲੱਦਾਖ ’ਚ ਚਾਰਾਗਾਹ ਜ਼ਮੀਨ ’ਤੇ ਕਬਜ਼ਾ ਕਰ ਲਿਆ ਹੈ।

ਭਾਜਪਾ ਨੇ ਦੋਸ਼ ਲਾਇਆ ਕਿ ਰਾਹੁਲ ਗਾਂਧੀ ਚੀਨ ਦੀ ‘ਪ੍ਰੋਪੇਗੰਡਾ (ਪ੍ਰਚਾਰ) ਮਸ਼ੀਨਰੀ’ ਵਰਗੇ ਬਿਆਨ ਦੇ ਕੇ ਭਾਰਤ ਦਾ ਅਪਮਾਨ ਕਰ ਰਹੇ ਹਨ।

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਕਥਨ ਕਿ ਲੱਦਾਖ ਦੀ ਇਕ ਇੰਚ ਜ਼ਮੀਨ ’ਤੇ ਵੀ ਚੀਨ ਨੇ ਕਬਜ਼ਾ ਨਹੀਂ ਕੀਤਾ ਹੈ, ਸੱਚ ਨਹੀਂ ਹੈ।

ਇਹ ਵੀ ਪੜ੍ਹੋ : 'ਚੀਨ ਨੇ ਸਾਡੀ ਜ਼ਮੀਨ 'ਤੇ ਕਬਜ਼ਾ ਕੀਤਾ, PM ਸੱਚ ਨਹੀਂ ਬੋਲ ਰਹੇ', ਲੱਦਾਖ ਪਹੁੰਚੇ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਘੇਰਿਆ

ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਗਾਂਧੀ ਦੇ ਦਾਅਵਿਆਂ ਨੂੰ ‘ਬਿਲਕੁਲ ਝੂਠ’ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਭਾਰਤੀ ਸੈਨਿਕਾਂ ਦੀ ਬਹਾਦਰੀ ਅਤੇ ਕੁਰਬਾਨੀ ਕਾਰਨ ਚੀਨ ਨੂੰ ਗਲਵਾਨ ਤੋਂ ਪਿੱਛੇ ਹਟਣਾ ਪਿਆ।

ਰਾਹੁਲ ਗਾਂਧੀ ਦੇ ਦਾਅਵਿਆਂ 'ਤੇ ਨਿਸ਼ਾਨਾ ਲਾਉਂਦਿਆਂ ਪ੍ਰਸਾਦ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ, ‘‘ਰਾਹੁਲ ਗਾਂਧੀ ਨੇ ਲੱਦਾਖ ਬਾਰੇ ਜੋ ਵੀ ਕਿਹਾ ਉਹ ਬਿਲਕੁਲ ਗ਼ਲਤ ਹੈ... ਮੈਂ ਪਾਰਟੀ ਦੀ ਤਰਫੋਂ ਤੁਹਾਡੇ ਪੂਰੇ ਬਿਆਨ ਦੀ ਨਿੰਦਾ ਕਰਦਾ ਹਾਂ।’’

ਭਾਜਪਾ ਨੇਤਾ ਨੇ ਕਿਹਾ, ‘‘ਰਾਹੁਲ ਗਾਂਧੀ ਜੀ, ਤੁਸੀਂ ਗਲਵਾਨ ’ਚ ਸਾਡੇ ਜਵਾਨਾਂ ਦੀ ਬਹਾਦਰੀ ਅਤੇ ਕੁਰਬਾਨੀ ’ਤੇ ਸਵਾਲ ਉਠਾ ਰਹੇ ਹੋ। ਉੱਥੇ ਜਾ ਕੇ ਭਾਰਤ ਨੂੰ ਬਦਨਾਮ ਕਿਉਂ ਕਰਦੇ ਹੋ? ਤੁਸੀਂ ਚੀਨ ਦੀ ‘ਪ੍ਰਾਪੇਗੰਡਾ ਮਸ਼ੀਨਰੀ’ ਕਿਉਂ ਬਣਦੇ ਹੋ?’’

ਉਨ੍ਹਾਂ ਨੇ ਦੋਸ਼ ਲਗਾਇਆ, ‘‘ਰਾਹੁਲ ਗਾਂਧੀ, ਜਦੋਂ ਵੀ ਤੁਸੀਂ ਸਰਹੱਦੀ ਖੇਤਰ ਦਾ ਦੌਰਾ ਕਰਦੇ ਹੋ, ਤੁਸੀਂ ਕੁਝ ਅਜਿਹਾ ਕਹਿੰਦੇ ਹੋ, ਜਿਸ ਨਾਲ ਚੀਨ ਨੂੰ ਭਾਰਤ ਵਿਰੁਧ ਪ੍ਰਾਪੇਗੰਡਾ ਫੈਲਾਉਣ ਦਾ ਮੌਕਾ ਮਿਲਦਾ ਹੈ।’’

ਪ੍ਰਸਾਦ ਨੇ ਕਿਹਾ ਕਿ ਇਹ ਭਾਰਤੀ ਸੈਨਿਕਾਂ ਦੀ ਬਹਾਦਰੀ ਅਤੇ ਕੁਰਬਾਨੀ ਦੇ ਕਾਰਨ ਸੀ ਕਿ ਚੀਨ ਨੂੰ ਗਲਵਾਨ ਵਿੱਚ ਪਿੱਛੇ ਹਟਣਾ ਪਿਆ। ਉਨ੍ਹਾਂ ਪੁੱਛਿਆ, ‘‘ਇਹ ਸੱਚ ਹੈ ਜਾਂ ਨਹੀਂ?’’ ਪ੍ਰਸਾਦ ਨੇ ਦੋਸ਼ ਲਾਇਆ, ‘‘ਭਾਰਤ ਵਿਰੋਧੀ ਬਿਆਨ ਦੇਣਾ ਰਾਹੁਲ ਗਾਂਧੀ ਦੀ ਆਦਤ ਹੈ।’’

ਭਾਜਪਾ ਨੇਤਾ ਨੇ ਭਾਰਤ ਦੀ ਸੁਰੱਖਿਆ ਨਾਲ ਜੁੜੇ ਮੁੱਦਿਆਂ ’ਤੇ ਗਾਂਧੀ ਦੀ ਸਮਝ ’ਤੇ ਸਵਾਲ ਉਠਾਏ ਅਤੇ ਕਾਂਗਰਸ ਨੇਤਾ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਟਿਪਣੀਆਂ ਨਾਲ ਦੇਸ਼ ਨੂੰ ਨਿਰਾਸ਼ ਨਾ ਕਰਨ।