ਕਾਂਗਰਸ ਨੇ ਗੋਆ 'ਚ ਸਰਕਾਰ ਬਣਾਉਣ ਲਈ ਢੁਕਵੀਂ ਗਿਣਤੀ ਹੋਣ ਦਾ ਦਾਅਵਾ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਦੀ ਬੀਮਾਰੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਲਈ ਮੁਸ਼ਕਲਾਂ ਖੜੀਆਂ ਕਰ ਦਿਤੀਆਂ ਹਨ...........

Chandrakant Kavlekar

ਪਣਜੀ : ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਦੀ ਬੀਮਾਰੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਲਈ ਮੁਸ਼ਕਲਾਂ ਖੜੀਆਂ ਕਰ ਦਿਤੀਆਂ ਹਨ। ਗੋਆ 'ਚ ਵਿਰੋਧੀ ਪਾਰਟੀ ਕਾਂਗਰਸ ਨੇ ਬੁਧਵਾਰ ਨੂੰ ਦਾਅਵਾ ਕੀਤਾ ਕਿ ਉਸ ਕੋਲ 21 ਤੋਂ ਜ਼ਿਆਦਾ ਵਿਧਾਇਕਾਂ ਦੀ ਹਮਾਇਤ ਪ੍ਰਾਪਤ ਹੈ ਅਤੇ 40 ਮੈਂਬਰੀ ਵਿਧਾਨ ਸਭਾ 'ਚ ਸਰਕਾਰ ਬਣਾਉਣ ਲਈ ਇਹ ਮਜ਼ਬੂਤ ਸਥਿਤੀ 'ਚ ਹੈ। ਕਾਂਗਰਸ 16 ਵਿਧਾਇਕਾਂ ਨਾਲ ਸੂਬੇ ਦੀ ਸੱਭ ਤੋਂ ਵੱਡੀ ਪਾਰਟੀ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਸੂਬੇ 'ਚ ਪਹਿਲਾਂ ਹੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਚੁੱਕੀ ਹੈ।

ਵਿਰੋਧੀ ਪਾਰਟੀ ਦਾ ਇਹ ਦਾਅਵਾ ਉਸ ਵੇਲੇ ਆਇਆ ਹੈ ਜਦੋਂ ਮੁੱਖ ਮੰਤਰੀ ਮਨੋਹਰ ਪਰੀਕਰ ਦਿੱਲੀ ਦੇ ਏਮਜ਼ ਹਸਪਤਾਲ 'ਚ ਭਰਤੀ ਹਨ। ਸੂਬਾ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਚੰਦਰਕਾਂਤ ਕਾਵਲੇਕਰ ਨੇ ਕਿਹਾ, ''ਸਾਡੇ ਕੋਲ ਵਿਧਾਇਕਾਂ ਦੀ ਢੁਕਵੀਂ ਗਿਣਤੀ ਹੈ। ਮੈਂ ਤੁਹਾਨੂੰ ਨਹੀਂ ਦੱਸਾਂਗਾ ਕਿ ਕਿਸ ਨਾਲ ਗੱਲਬਾਤ ਚਲ ਰਹੀ ਹੈ। ਸਾਨੂੰ 21 ਵਿਧਾਇਕਾਂ ਦੀ ਜ਼ਰੂਰਤ ਹੈ ਅਤੇ ਸਾਡੇ ਕੋਲ ਉਸ ਤੋਂ ਜ਼ਿਆਦਾ ਹਨ।''

ਉਧਰ ਕਾਂਗਰਸ ਵਲੋਂ ਸੂਬੇ ਵਿਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਤੋਂ ਬਾਅਦ ਭਾਜਪਾ ਪ੍ਰਧਾਨ ਅਮਿਤ ਸ਼ਾਹ ਹਰਕਤ ਵਿਚ ਆ ਗਏ ਹਨ ਅਤੇ ਅੱਜ ਪਣਜੀ ਵਿਚ ਪਾਰਟੀ ਆਗੂਆਂ ਅਤੇ ਸਾਥੀ ਪਾਰਟੀਆਂ ਨਾਲ ਗੱਲ ਕਰਨ ਪੁੱਜੇ। ਐਸ. ਧਵਲੀਕਰ ਨੂੰ ਰਾਜ ਦਾ ਡਿਪਟੀ ਸੀਐਮ ਬਣਾਉਣ ਦੀ ਬੀਜੇਪੀ ਦੀ ਯੋਜਨਾ ਨੂੰ ਸਾਥੀਆਂ ਵਲੋਂ ਨਕਾਰਨ ਤੋਂ ਬਾਅਦ ਸ਼ਾਹ ਨੇ ਗੋਆ ਫਾਰਵਰਡ ਪਾਰਟੀ ਦੇ ਮੁਖੀ ਵਿਜੇ ਸਰਦੇਸਾਈ ਨੂੰ ਫ਼ੋਨ ਕੀਤਾ ਸੀ।

ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਸਰਦੇਸਾਈ ਮਹਾਰਾਸ਼ਟਰ ਗੋਮਾਨਤਕ ਪਾਰਟੀ  ਦੇ ਧਵਲੀਕਰ ਨੂੰ ਰਾਜ ਦੇ ਡਿਪਟੀ ਸੀਐਮ ਬਣਾਉਣ ਦੀ ਯੋਜਨਾ ਤੋਂ ਨਰਾਜ਼ ਦੱਸੇ ਜਾ ਰਹੇ ਹਨ। ਧਿਆਨ ਯੋਗ ਹੈ ਕਿ ਮੁੱਖ ਮੰਤਰੀ ਮਨੋਹਰ ਪਾਰਿਕਰ ਸਕੈਨੇਟਿਕ ਸਬੰਧੀ ਬਿਮਾਰੀ ਕਾਰਨ ਦਿੱਲੀ ਸਥਿਤ ਏਮਸ ਵਿਚ ਭਰਤੀਆਂ ਹਨ।  (ਏਜੰਸੀਆਂ)