ਪਾਕਿ ਫ਼ੌਜੀਆਂ ਨੇ ਬੀ.ਐਸ.ਐਫ਼. ਜਵਾਨ ਦਾ ਬੇਰਿਹਮੀ ਨਾਲ ਗਲਾ ਵਢਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨੀ ਫ਼ੌਜੀਆਂ ਨੇ ਜੰਮੂ ਦੇ ਨੇੜੇ ਕੌਮਾਂਤਰੀ ਸਰਹੱਦ 'ਤੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ਼.) ਦੇ ਇਕ ਜਵਾਨ ਨੂੰ ਗੋਲੀ ਮਾਰਨ ਤੋਂ ਬਾਅਦ ਉਸ ਦਾ ਗਲ ਵੱਢ ਦਿਤਾ........

Soldier at Border

ਜੰਮੂ/ਨਵੀਂ ਦਿੱਲੀ : ਪਾਕਿਸਤਾਨੀ ਫ਼ੌਜੀਆਂ ਨੇ ਜੰਮੂ ਦੇ ਨੇੜੇ ਕੌਮਾਂਤਰੀ ਸਰਹੱਦ 'ਤੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ਼.) ਦੇ ਇਕ ਜਵਾਨ ਨੂੰ ਗੋਲੀ ਮਾਰਨ ਤੋਂ ਬਾਅਦ ਉਸ ਦਾ ਗਲ ਵੱਢ ਦਿਤਾ। ਇਸ ਘਟਨਾ ਨਾਲ ਦੋਵੇਂ ਦੇਸ਼ਾਂ ਵਿਚਕਾਰ ਤਣਾਅ ਵੱਧ ਸਕਦਾ ਹੈ। ਇਹ ਘਟਨਾ ਮੰਗਲਵਾਰ ਨੂੰ ਰਾਮਗੜ੍ਹ ਸੈਕਟਰ 'ਚ ਹੋਈ। ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੀ ਕੌਮਾਂਤਰੀ ਸਰਹੱਦ ਅਤੇ ਕੰਟਰੋਲ ਰੇਖਾ 'ਤੇ 'ਹਾਈ ਅਲਰਟ' ਜਾਰੀ ਕਰ ਦਿਤਾ ਹੈ। ਸੀਮਾ ਸੁਰੱਖਿਆ ਬਲਾਂ ਨੇ ਅਪਣੇ ਹਮਰੁਤਬਾ ਪਾਕਿਸਤਾਨੀ ਰੇਂਜਰਸ ਦੇ ਸਾਹਮਣੇ ਸਖ਼ਤਾਈ ਨਾਲ ਇਹ ਮੁੱਦਾ ਚੁਕਿਆ ਹੈ।

ਸੂਤਰਾਂ ਨੇ ਕਿਹਾ ਕਿ ਹੈੱਡ ਕਾਂਸਟੇਬਲ ਨਰਿੰਦਰ ਕੁਮਾਰ ਦੇ ਸਰੀਰ 'ਚ ਤਿੰਨ ਗੋਲੀਆਂ ਦੇ ਨਿਸ਼ਾਨ ਵੀ ਮਿਲੇ ਹਨ। ਨਰਿੰਦਰ ਕੁਮਾਰ ਦੀ ਲਾਸ਼ ਛੇ ਘੰਟਿਆਂ ਬਾਅਦ ਭਾਰਤ-ਪਾਕਿ ਕੰਡਿਆਲੀ ਤਾਰ ਦੇ ਅੱਗੇ ਮਿਲੀ ਕਿਉਂਕਿ ਪਾਕਿਸਤਾਨੀ ਫ਼ੌਜੀਆਂ ਨੇ ਸਰਹੱਦ 'ਤੇ ਸੰਜਮ ਕਾਇਮ ਰੱਖਣ ਅਤੇ ਬੀ.ਐਸ.ਐਫ਼. ਦੀਆਂ ਖੋਜੀ ਟੀਮਾਂ 'ਤੇ ਗੋਲੀਬਾਰੀ ਨਾ ਹੋਣਾ ਯਕੀਨੀ ਕਰਨ ਦੇ ਸੱਦੇ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਰੇਂਜਰਸ ਨੂੰ ਲਾਪਤਾ ਜਵਾਨ ਦਾ ਪਤਾ ਲਾਉਣ ਲਈ ਸਾਂਝੀ ਗਸ਼ਤ 'ਚ ਸ਼ਾਮਲ ਹੋਣ ਨੂੰ ਕਿਹਾ ਗਿਆ ਸੀ।

ਪਰ ਪਾਕਿ ਰੇਂਜਰਸ ਨੇ ਇਕ ਥਾਂ 'ਤੇ ਆਉਣ ਤੋਂ ਬਾਅਦ ਸਾਂਝੀ ਕਾਰਵਾਈ 'ਚ ਸ਼ਾਮਲ ਨਾ ਹੋਣ ਲਈ ਇਲਾਕੇ 'ਚ ਪਾਣੀ ਇਕੱਠਾ ਹੋਣ ਦਾ ਬਹਾਨਾ ਬਣਾ ਦਿਤਾ। ਫਿਰ ਬੀ.ਐਸ.ਐਫ਼. ਨੇ ਸੂਰਜ ਛਿਪਣ ਤਕ ਦੀ ਉਡੀਕ ਕੀਤੀ ਅਤੇ ਜਵਾਨ ਦੀ ਲਾਸ਼ ਚੌਕੀ ਤਕ ਲਿਆਉਣ ਲਈ ਖ਼ਤਰੇ ਭਰੀ ਮੁਹਿੰਮ ਸ਼ੁਰੂ ਕੀਤੀ। ਬੀ.ਐਸ.ਐਫ਼. ਦੇ ਅਧਿਕਾਰੀਆਂ ਨੇ ਕਿਹਾ ਕਿ ਕੌਮਾਂਤਰੀ ਸਰਹੱਦ 'ਤੇ ਜਵਾਨ ਨਾਲ ਇਸ ਤਰ੍ਹਾਂ ਦੀ ਬੇਰਹਿਮੀ ਦੀ ਘਟਨਾ ਸ਼ਾਇਦ ਪਹਿਲੀ ਵਾਰ ਹੋਈ ਹੈ ਅਤੇ ਸਰਕਾਰ, ਵਿਦੇਸ਼ ਮੰਤਰਾਲਾ ਅਤੇ ਡੀ.ਜੀ.ਐਮ.ਓ. ਨੇ ਇਸ ਨੂੰ 'ਬਹੁਤ ਗੰਭੀਰਤਾ' ਨਾਲ ਲਿਆ ਹੈ। ਇਸ ਮੁੱਦੇ ਨੂੰ ਪਾਕਿਸਤਾਨੀ ਹਮਰੁਤਬਾ ਸਾਹਮਣੇ ਵੀ ਚੁਕਿਆ ਜਾ ਸਕਦਾ ਹੈ।

ਅਧਿਕਾਰੀਆਂ ਨੇ ਕਿਹਾ ਕਿ ਬੀ.ਐਸ.ਐਫ਼. ਦੀ ਗਸ਼ਤੀ ਟੀਮ ਨੂੰ ਮੰਗਲਵਾਰ ਦੀ ਸਵੇਰ ਮੈਦਾਨ 'ਚ ਲੱਗੀ 'ਸਰਕੰਡੇ' ਦੀ ਲੰਮੀ ਘਾਹ ਕੱਟਣ ਲਈ ਕੰਡਿਆਲੀ ਤਾਰ ਤੋਂ ਅੱਗੇ ਜਾਣਾ ਸੀ। ਟੀਮ 'ਤੇ ਪਹਿਲੀ ਵਾਰੀ ਸਵੇਰੇ 10:40 'ਤੇ ਗੋਲੀ ਚਲਾਈ ਗਈ ਸੀ। ਬੀ.ਐਸ.ਐਫ਼. ਜਵਾਨ ਨੂੰ ਪਹਿਲਾਂ ਲਾਪਤਾ ਐਲਾਨ ਦਿਤਾ ਗਿਆ ਅਤੇ ਬਾਅਦ 'ਚ ਉਸ ਦੀ ਲਾਸ਼ ਲੱਭਣ ਲਈ ਦਿਨ ਭਰ ਭਾਰਤੀ ਫ਼ੌਜੀਆਂ ਵਲੋਂ ਸਰਹੱਦ ਦੇ ਦੂਜੇ ਪਾਸੇ ਫ਼ੋਨ ਕਰਨ ਅਤੇ ਸੰਵਾਦ ਦੇ ਲੈਣ-ਦੇਣ ਕਰਨ ਦਾ ਸਿਲਸਿਲਾ ਚਲਦਾ ਰਿਹਾ।

ਬੀ.ਐਸ.ਐਫ਼. ਨੇ ਹਾਲਾਂਕਿ ਇਸ ਘਟਨਾਕ੍ਰਮ 'ਤੇ ਪ੍ਰਤੀਕਿਰਿਆ ਨਹੀਂ ਦਿਤੀ ਹੈ ਪਰ ਸੂਤਰਾਂ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਕੌਮਾਂਤਰੀ ਸਰਹੱਦ 'ਤੇ ਅਪਣੇ ਸਾਰੇ ਘੇਰੇ ਨੂੰ ਇਸ ਦੀ ਸੂਚਨਾ ਦੇ ਦਿਤੀ ਹੈ ਅਤੇ ਕੰਟਰੋਲ ਰੇਖਾ 'ਤੇ ਫ਼ੌਜ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਇਕ ਅਧਿਕਾਰੀ ਨੇ ਕਿਹਾ ਕਿ ਬੀ.ਐਸ.ਐਫ਼. ਅਤੇ ਹੋਰ ਸੁਰੱਖਿਆ ਬਲ ਸਹੀ ਸਮਾਂ ਆਉਣ 'ਤੇ ਜਵਾਬੀ ਕਾਰਵਾਈ ਕਰਨਗੇ।

ਬੀ.ਐਸ.ਐਫ਼. ਦੇ ਜੰਮੂ ਫ਼ਰੰਟੀਅਰ ਨੇ ਕਲ ਇਸ ਘਟਨਾ ਬਾਬਤ ਇਕ ਬਿਆਨ ਜਾਰੀ ਕੀਤਾ ਸੀ ਪਰ ਗਲ ਵੱਢਣ ਵਰਗੀ ਜਾਣਕਾਰੀ ਇਸ 'ਚ ਨਹੀਂ ਸੀ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਜੰਮੂ 'ਚ 'ਸਮਾਰਟ ਬਾੜ' ਦਾ ਉਦਘਾਟਨ ਕੀਤਾ ਸੀ ਜਿਸ ਦਾ ਟੀਚਾ ਭਾਰਤ-ਪਾਕਿਸਤਾਨ ਸਰਹੱਦ ਦੇ ਸੰਵੇਦਨਸ਼ੀਲ ਖੇਤਰਾਂ ਨੂੰ ਸਮਾਰਟ ਤਕਨੀਕ ਨਾਲ ਸੁਰੱਖਿਅਤ ਕਰਨਾ ਹੈ। ਉਧਰ ਜੰਮੂ 'ਚ ਸ਼ਿਵ ਸੈਨਾ ਡੋਗਰਾ ਫ਼ਰੰਟ ਦੇ ਕਾਰਕੁਨਾਂ ਨੇ ਪਾਕਿਸਤਾਨੀ ਰੇਂਜਰਸ ਦੀ ਇਕ ਕਾਰਵਾਈ ਵਿਰੁਧ ਪ੍ਰਦਰਸ਼ਨ ਕੀਤਾ ਹੈ।  (ਪੀਟੀਆਈ)