ਸੰਸਾਰ ਜੋਖਮ ਵਧਣ ਦੇ ਬਾਵਜੂਦ ਭਾਰਤੀ ਅਰਥਚਾਰਾ ਮਜ਼ਬੂਤ ਹਾਲਤ ਵਿਚ : ਦਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਗਲੇ ਇਕ ਸਾਲ 'ਚ ਮਹਿੰਗਾਈ ਦਰ ਚਾਰ ਫ਼ੀ ਸਦੀ ਤੋਂ ਹੇਠਾਂ ਰਹੇਗੀ

Shaktikanta Das

ਮੁੰਬਈ  : ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਸੰਸਾਰ ਜੋਖਮ ਵਧ ਰਿਹਾ ਹੈ ਪਰ ਭਾਰਤੀ ਅਰਥਚਾਰਾ ਮਜ਼ਬੂਤ ਹਾਲਤ ਵਿਚ ਹੈ। ਉਨ੍ਹਾਂ ਕਿਹਾ ਕਿ ਇਸ ਦਾ ਵੱਡਾ ਕਾਰਨ ਕੁਲ ਕਰਜ਼ੇ ਵਿਚ ਵਿਦੇਸ਼ੀ ਕਰਜ਼ੇ ਦਾ ਹਿੱਸਾ ਸਿਰਫ਼ 19.7 ਫ਼ੀ ਸਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਬਸਿਡੀ ਅਤੇ ਮਹਿੰਗਾਈ ਦਾ ਪੱਧਰ ਘੱਟ ਹੋਣ ਨਾਲ ਸਾਊਦੀ ਅਰਬ ਦੇ ਮੌਜੂਦਾ ਤੇਲ ਸੰਕਟ ਦਾ ਵੀ ਭਾਰਤ ਦੇ ਖ਼ਜ਼ਾਨੇ ਦੇ ਘਾਟੇ 'ਤੇ ਅਸਰ ਸੀਮਤ ਰਹੇਗਾ। ਉਨ੍ਹਾਂ ਕਿਹਾ ਕਿ ਸੰਸਾਰ ਪੱਧਰ 'ਤੇ ਹਾਲੇ ਕੋਈ ਮੰਦੀ ਦੀ ਹਾਲਤ ਨਹੀਂ।

ਦਾਸ ਨੇ ਇਥੇ ਕਿਸੇ ਸਮਾਗਮ ਵਿਚ ਕਿਹਾ, 'ਭਾਰਤੀ ਅਰਥਚਾਰਾ ਮਜ਼ਬੂਤ ਹਾਲਤ ਵਿਚ ਹੈ।' ਉਨ੍ਹਾਂ ਨਰਮੀ ਨਾਲ ਸਿੱਝਣ ਲਈ ਸਰਕਾਰ ਨੂੰ ਬਜਟ ਵਿਚ ਤੈਅ ਖ਼ਰਚੇ ਨੂੰ ਸ਼ੁਰੂ ਵਿਚ ਹੀ ਕਰਨ ਦਾ ਸੁਝਾਅ ਦਿਤਾ। ਮਹਿੰਗਾਈ ਬਾਰੇ ਉਨ੍ਹਾਂ ਕਿਹਾ ਕਿ ਅਗਲੇ ਇਕ ਸਾਲ ਵਿਚ ਮਹਿੰਗਾਈ ਚਾਰ ਫ਼ੀ ਸਦੀ ਤੋਂ ਹੇਠਾਂ ਬਣੇ ਰਹਿਣ ਦੀ ਉਮੀਦ ਹੈ। ਗਵਰਨਰ ਨੇ ਵਧਦੀਆਂ ਸੰਸਾਰ ਚੁਨੌਤੀਆਂ ਤੋਂ ਅਰਥਚਾਰੇ ਨੂੰ ਬਚਾਉਣ ਲਈ ਬੁਨਿਆਦੀ ਢਾਂਚੇ ਦੇ ਸੁਧਾਰਾਂ ਦਾ ਵੀ ਸੱਦਾ ਦਿਤਾ। ਉਨ੍ਹਾਂ ਦਰਾਮਦ ਤੇ ਬਰਾਮਦ ਵਪਾਰ ਵਿਚ ਗਿਰਾਵਟ ਬਾਰੇ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ।

ਦਾਸ ਨੇ ਉਮੀਦ ਪ੍ਰਗਟਾਈ ਕਿ ਅਮਰੀਕੀ ਫ਼ੈਡਰਲ ਰਿਜ਼ਰਵ ਦੀ ਨੀਤੀਗਤ ਦਰ ਵਿਚ ਕਟੌਤੀ ਨਾਲ ਦੇਸ਼ ਵਿਚ ਫ਼ੰਡ ਪ੍ਰਵਾਹ ਨੂੰ ਗਤੀ ਮਿਲੇਗੀ ਪਰ ਅਜਿਹੇ ਪੂੰਜੀ ਪ੍ਰਵਾਹ ਬਾਰੇ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਬਸਿਡੀ ਦੀ ਘੱਟ ਮਿਕਦਾਰ ਨੂੰ ਵੇਖੀਦਿਆਂ ਸਾਊਦੀ ਸੰਕਟ ਦਾ ਮਹਿੰਗਾਈ ਅਤੇ ਖ਼ਜ਼ਾਨੇ ਦੇ ਘਾਟੇ 'ਤੇ ਸੀਮਤ ਅਸਰ ਪਵੇਗਾ। ਵਿੱਤ ਵਰ੍ਹੇ 2018-19 ਵਿਚ ਸਾਊਦੀ ਅਰਬ ਨੇ ਭਾਰਤ ਨੂੰ 4.03 ਕਰੋੜ ਟਨ ਕੱਚਾ ਤੇਲ ਵੇਚਿਆ। ਵਿੱਤ ਵਰ੍ਹੇ ਦੌਰਾਨ ਭਾਰਤ ਦੀ ਕੱਚੇ ਤੇਲ ਦੀ ਦਰਾਮਦ 20.73 ਕਰੋੜ ਟਨ ਰਹੀ। ਕੱਚੇ ਤੇਲ ਦੀਆਂ ਕੀਮਤਾਂ ਵਿਚ ਸੋਮਵਾਰ ਨੂੰ ਭਾਰੀ ਉਛਾਲ ਆਇਆ। ਕੱਚਾ ਤੇਲ 19.5 ਫ਼ੀ ਸਦੀ ਵੱਧ ਕੇ 71.95 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।