ਭਾਰਤੀ ਅਰਥਚਾਰਾ 2022 ਤਕ 5000 ਅਰਬ ਡਾਲਰ ਦਾ ਹੋਵੇਗਾ : ਨਰਿੰਦਰ ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤੀ ਅਰਥਚਾਰਾ 2022 ਤਕ ਦੁਗਣਾ ਹੋ ਕੇ ਪੰਜ ਹਜ਼ਾਰ ਅਰਬ ਡਾਲਰ ਦਾ ਹੋ ਜਾਵੇਗਾ........

Indian economy will be worth $ 5000 billion by 2022: Narendra Modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤੀ ਅਰਥਚਾਰਾ 2022 ਤਕ ਦੁਗਣਾ ਹੋ ਕੇ ਪੰਜ ਹਜ਼ਾਰ ਅਰਬ ਡਾਲਰ ਦਾ ਹੋ ਜਾਵੇਗਾ ਅਤੇ ਇਸ ਵਿਚ ਨਿਰਮਾਣ ਤੇ ਖੇਤੀ ਖੇਤਰ ਦਾ ਯੋਗਦਾਨ 1000-1000 ਅਰਬ ਡਾਲਰ ਦਾ ਹੋਵੇਗਾ। ਇਥੇ ਭਾਰਤੀ ਅੰਤਰਰਾਸ਼ਟਰੀ ਸੰਮੇਲਨ ਅਤੇ ਪ੍ਰਦਰਸ਼ਨੀ ਕੇਂਦਰ ਦਾ ਨੀਂਹ ਪੱਥਰ ਰੱਖੇ ਜਾਣ ਮੌਕੇ ਮੋਦੀ ਨੇ ਇਹ ਵੀ ਕਿਹਾ ਉਨ੍ਹਾਂ ਦੀ ਸਰਕਾਰ ਦੇਸ਼ ਦੇ ਹਿੱਤ ਵਿਚ ਸਖ਼ਤ ਫ਼ੈਸਲੇ ਕਰਨ ਤੋਂ ਨਹੀਂ ਝਿਜਕੇਗੀ। ਇਸ ਸੰਦਰਭ ਵਿਚ ਉਨ੍ਹਾਂ ਇਸੇ ਹਫ਼ਤੇ ਤਿੰਨ ਸਰਕਾਰੀ ਬੈਂਕਾਂ ਦੇ ਰਲੇਵੇਂ ਦੇ ਐਲਾਨ ਦਾ ਜ਼ਿਕਰ ਕੀਤਾ। ਇਸ ਰਲੇਵੇਂ ਨਾਲ ਇਹ ਬੈਂਕ ਤੀਜਾ ਸੱਭ ਤੋਂ ਵੱਡਾ ਬੈਂਕ ਬਣ ਜਾਵੇਗਾ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਅਰਥਚਾਰਾ ਅੱਠ ਫ਼ੀ ਸਦੀ ਦੀ ਦਰ ਨਾਲ ਵੱਧ ਰਿਹਾ ਹੈ ਅਤੇ ਸੂਚਨਾ ਤਕਨੀਕ ਤੇ ਖੁਦਰਾ ਖੇਤਰਾਂ ਵਿਚ ਵੱਡੇ ਪੱਧਰ 'ਤੇ ਰੁਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦਾ ਆਰਥਕ ਆਧਾਰ ਬਹੁਤ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਮੇਕ ਇਨ ਇੰਡੀਆ 'ਤੇ ਜ਼ੋਰ ਨਾਲ ਵਰਤੇ ਜਾ ਰਹੇ 80 ਫ਼ੀ ਸਦੀ ਮੋਬਾਈਲ ਫ਼ੋਨ ਹੁਣ ਦੇਸ਼ ਵਿਚ ਬਣਨ ਲੱਗੇ ਹਨ।

ਇੰਜ ਵਿਦੇਸ਼ੀ ਮੁਦਰਾ ਖ਼ਰਚ ਵਿਚ ਤਿੰਨ ਲੱਖ ਕਰੋੜ ਰੁਪਏ ਦੀ ਬਚਤ ਕਰਨ ਵਿਚ ਮਦਦ ਮਿਲੀ ਹੈ। ਮੋਦੀ ਨੇ ਕਿਹਾ ਕਿ ਸਰਕਾਰ ਅੰਦਰ ਸਖ਼ਤ ਫ਼ੈਸਲੇ ਲੈਣ ਦੀ ਹਿੰਮਤ ਹੈ। ਬੈਂਕਾਂ ਦੇ ਰਲੇਵੇਂ ਤੋਂ ਇਲਾਵਾ ਉਨ੍ਹਾਂ ਸਰਕਾਰ ਦੇ ਸਾਹਸ ਭਰੇ ਕੰਮਾਂ ਵਿਚ ਜੀਐਸਟੀ ਲਾਗੂਕਰਨ ਦਾ ਜ਼ਿਕਰ ਕੀਤਾ। ਜੀਐਸਟੀ ਵਿਚ ਕੇਂਦਰੀ ਤੇ ਰਾਜਾਂ ਦੇ ਪੱਧਰ ਦੇ 17 ਕਰਾਂ ਨੂੰ ਰਲਾ ਦਿਤਾ ਗਿਆ ਹੈ।  
(ਏਜੰਸੀ)