ਦੇਸ਼ ਦੇ ਪਹਿਲੇ CRISPR Covid-19 ਟੈਸਟ ਨੂੰ ਮਿਲੀ ਮਨਜ਼ੂਰੀ, ਘੱਟ ਸਮੇਂ ਵਿਚ ਮਿਲੇਗਾ ਨਤੀਜਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਟਾਟਾ ਗਰੁੱਪ ਨੇ ਵਿਕਸਿਤ ਕੀਤੀ ਨਵੀਂ ਟੈਸਟ ਕਿੱਟ

Centre allows commercial launch of first CRISPR COVID-19 test

ਨਵੀਂ ਦਿੱਲੀ: ਟਾਟਾ ਸਮੂਹ ਨੂੰ ਕੰਟਰੋਲਰ ਜਨਰਲ ਆਫ ਇੰਡੀਅਨ ਮੈਡੀਸਨ (DGCI) ਵੱਲੋਂ ਦੇਸ਼ ਦੇ ਪਹਿਲੇ ਕ੍ਰਿਸਪਰ ਕੋਵਿਡ-19 ਟੈਸਟ ਨੂੰ ਸ਼ੁਰੂ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਟਾਟਾ ਸਮੂਹ ਨੇ ਇਕ ਬਿਆਨ ਜ਼ਰੀਏ ਇਸ ਦੀ ਜਾਣਕਾਰੀ ਦਿੱਤੀ ਹੈ।

ਕੰਪਨੀ ਨੇ ਕਿਹਾ ਕਿ ਇਹ ਟੈਸਟ ਸਟੀਕ ਨਤੀਜੇ ਦੇਣ ਵਿਚ ਰਵਾਇਤੀ ਆਰਟੀ-ਪੀਸੀਆਰ ਟੈਸਟ ਦੇ ਸਮਾਨ ਹੈ। ਇਸ ਤੋਂ ਇਲਾਵਾ ਇਸ ਸਸਤਾ ਹੈ ਅਤੇ ਘੱਟ ਸਮੇਂ ਵਿਚ ਨਤੀਜੇ ਦਿੰਦਾ ਹੈ। ਇਸ ਟੈਸਟ  ਨੂੰ ਟਾਟਾ ਗਰੁੱਪ ਅਤੇ CSIR-IGIB (Institute of Genomics and Integrative Biology) Feluda ਨੇ ਵਿਕਸਿਤ ਕੀਤਾ ਹੈ।

ਇਹ ਟੈਸਟ ਸਾਰਜ਼-ਕੋਵ-2 ਵਾਇਰਸ (SARS-CoV-2) ਦੇ ਜੀਨੋਮਿਕ ਸੀਕਵੈਂਸ ਦਾ ਪਤਾ ਲਗਵਾਉਣ ਲਈ ਦੇਸੀ ਸੀਆਰਆਈਐਸਪੀਆਰ ਤਕਨਾਲੋਜੀ ਦੀ ਵਰਤੋਂ ਕਰਦਾ ਹੈ। ਭਵਿੱਖ ਵਿਚ ਇਸ ਤਕਨਾਲੋਜੀ ਦੀ ਵਰਤੋਂ ਨਾਲ ਹੋਰ ਮਹਾਂਮਾਰੀਆਂ ਦੇ ਟੈਸਟ ਵੀ ਕੀਤੇ ਜਾ ਸਕਣਗੇ।

ਕੰਪਨੀ ਨੇ ਕਿਹਾ ਕਿ ਟਾਟਾ ਸੀਆਰਆਈਐਸਪੀਆਰ ਟੈਸਟ ਸੀਏਐਸ-9 ਪ੍ਰੋਟੀਨ ਦੀ ਵਰਤੋਂ ਕਰਨ ਵਾਲਾ ਦੁਨੀਆਂ ਦਾ ਪਹਿਲਾ ਅਜਿਹਾ ਪ੍ਰੀਖਣ ਹੈ, ਜੋ ਸਫ਼ਲਤਾਪੂਰਵਕ ਕੋਵਿਡ-19 ਮਹਾਂਮਾਰੀ ਫੈਲਾਉਣ ਵਾਲੇ ਵਾਇਰਸ ਦੀ ਪਛਾਣ ਕਰ ਲੈਂਦਾ ਹੈ।

ਸਮੂਹ ਨੇ ਕਿਹਾ ਹੈ ਕਿ ਇਹ ਭਾਰਤੀ ਵਿਗਿਆਨਕ ਭਾਈਚਾਰੇ ਲਈ ਇਕ ਅਹਿਮ ਅਤੇ ਵੱਡੀ ਪ੍ਰਾਪਤੀ ਹੈ। ਕੰਪਨੀ ਨੇ ਦੱਸਿਆ ਕਿ ਖੋਜ ਅਤੇ ਵਿਕਾਸ ਨੂੰ ਲੈ ਕੇ ਸ਼ੁੱਧ ਅਤੇ ਭਰੋਸੇਮੰਦ ਟੈਸਟ ਨੂੰ 100 ਦਿਨ ਤੋਂ ਘੱਟ ਸਮੇਂ ਵਿਚ ਤਿਆਰ ਕੀਤਾ ਗਿਆ ਹੈ।

ਟਾਟਾ ਮੈਡੀਕਲ ਅਤੇ ਡਾਇਗਨੋਸਟਿਕਸ ਲਿਮਟਡ ਦੇ ਸੀਈਓ ਗਿਰੀਸ਼ ਕ੍ਰਿਸ਼ਨਮੂਰਤੀ ਦਾ ਕਹਿਣਾ ਹੈ ਕਿ ਕੋਵਿਡ -19 ਲਈ ਟਾਟਾ ਸੀਆਰਆਈਐਸਪੀਆਰ ਟੈਸਟ ਦੀ ਮਨਜ਼ੂਰੀ ਨਾਲ ਗਲੋਬਲ ਮਹਾਂਮਾਰੀ ਨਾਲ ਲੜਨ ਲਈ ਦੇਸ਼ ਦੇ ਯਤਨਾਂ ਨੂੰ ਉਤਸ਼ਾਹ ਮਿਲੇਗਾ।