ਖੇਤੀਬਾੜੀ ਬਿਲ ਪਾਸ ਹੋਣ ਤੋਂ ਬਾਅਦ TMC ਸੰਸਦ ਮੈਂਬਰ ਨੇ ਮੋਦੀ ਸਰਕਾਰ ‘ਤੇ ਲਗਾਏ ਗੰਭੀਰ ਦੋਸ਼
TMC ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੇ ਕਿਹਾ, ‘ਲੋਕਤੰਤਰ ਦਾ ਕਤਲ ਹੋਇਆ’
ਨਵੀਂ ਦਿੱਲੀ: ਭਾਰੀ ਹੰਗਾਮੇ ਅਤੇ ਬਹਿਸ ਤੋਂ ਬਾਅਦ ਰਾਜ ਸਭਾ ਵਿਚ ਖੇਤੀਬਾੜੀ ਬਿਲ ਪਾਸ ਹੋ ਗਿਆ। ਇਸ ਦੌਰਾਨ ਵਿਰੋਧੀਆਂ ਨੇ ਸਦਨ ਵਿਚ ‘ਤਾਨਾਸ਼ਾਹੀ ਬੰਦ ਕਰੋ’ ਦੇ ਨਾਅਰੇ ਲਗਾਏ। ਟੀਐਮਸੀ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੇ ਡਿਪਟੀ ਸਪੀਕਰ ਦੀ ਕੁਰਸੀ ਕੋਲ ਜਾ ਕੇ ਰੂਲ ਬੁੱਕ ਫਾੜ ਦਿੱਤੀ। ਉਹਨਾਂ ਕਿਹਾ ਲੋਕਤੰਤਰ ਦੀ ਹੱਤਿਆ ਹੋ ਗਈ।
ਰਾਜ ਸਭਾ ਵਿਚ ਖੇਤੀ ਬਿਲ ਪਾਸ ਹੋਣ ਤੋਂ ਬਾਅਦ ਸੰਸਦ ਦੇ ਸੈਂਟਰਲ ਹਾਲ ਤੋਂ ਟੀਐਮਸੀ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੇ ਇਕ ਵੀਡੀਓ ਮੈਸੇਜ ਜਾਰੀ ਕੀਤਾ। ਉਹਨਾਂ ਨੇ ਵੀਡੀਓ ਵਿਚ ਮੋਦੀ ਸਰਕਾਰ ‘ਤੇ ਗੰਭੀਰ ਇਲਜ਼ਾਮ ਲਗਾਏ। ਡੇਰੇਕ ਨੇ ਕਿਹਾ, ਸਰਕਾਰ ਨੇ ਉਹਨਾਂ ਨਾਲ ਧੋਖੇਬਾਜ਼ੀ ਕੀਤੀ।
ਉਹਨਾਂ ਨੇ (ਸਰਕਾਰ ਨੇ) ਸੰਸਦ ਵਿਚ ਹਰ ਨਿਯਮ ਤੋੜਿਆ। ਇਹ ਇਕ ਇਤਿਹਾਸਕ ਦਿਨ ਸੀ। ਡੇਰੇਕ ਨੇ ਕਿਹਾ ਸਰਕਾਰ ਨੇ ਰਾਜਸਭਾ ਟੀਵੀ ਦੀ ਫੀਡ ਕੱਟ ਦਿੱਤੀ ਤਾਂ ਜੋ ਦੇਸ਼ ਇਹ ਦੇਖ ਨਾ ਸਕੇ। ਉਹਨਾਂ ਨੇ RSTV ਨੂੰ ਸੈਂਸਰ ਕਰ ਦਿੱਤਾ। ਡੇਰੇਕ ਨੇ ਵੀਡੀਓ ਵਿਚ ਕਿਹਾ ਸਾਡੇ ਕੋਲ ਸਬੂਤ ਹੈ।
ਉਹਨਾਂ ਕਿਹਾ ਕਿ ਉਹਨਾਂ ਨੇ ਜੋ ਦੇਖਿਆ ਉਹ ਲੋਕਤੰਤਰ ਦੀ ਹੱਤਿਆ ਨਾਲੋਂ ਵੀ ਜ਼ਿਆਦਾ ਗੰਭੀਰ ਹੈ। ਡੇਰੇਕ ਨੇ ਦੱਸਿਆ ਕਿ ਸੰਸਦ ਵਿਚ ਪੀਏ ਸਿਸਟਮ ਕੰਮ ਨਹੀਂ ਕਰ ਰਿਹਾ ਸੀ ਅਤੇ ਵਿਰੋਧੀ ਧਿਰ ਬਿਲ ਨੂੰ ਸਲੈਕਟਿੰਗ ਕਮੇਟੀ ਵਿਚ ਭੇਜਣ ਦੀ ਮੰਗ ਕਰ ਰਹੇ ਸੀ।
ਦੱਸ ਦਈਏ ਕਿ ਲੋਕ ਸਭਾ 'ਚ ਪਾਸ ਹੋਣ ਤੋਂ ਬਾਅਦ ਐਤਵਾਰ ਨੂੰ ਰਾਜ ਸਭਾ 'ਚ ਪੇਸ਼ ਕੀਤੇ ਗਏ ਖੇਤੀਬਾੜੀ ਬਿਲਾਂ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਜਵਾਬ ਤੇ ਵੋਟਿੰਗ ਸਮੇਂ ਬਹਿਸ ਇੰਨੀ ਜ਼ਿਆਦਾ ਵਧ ਗਈ ਕਿ ਸਦਨ ਦੀ ਕਾਰਵਾਈ ਨੂੰ ਮੁਲਤਵੀ ਕਰਨਾ ਪਿਆ।
ਟੀਐਮਸੀ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਸਮੇਤ ਕਈ ਵਿਰੋਧੀ ਆਗੂਆਂ ਨੇ ਬਿਲ ਦੀ ਕਾਪੀ ਫਾੜ ਦਿੱਤੀ। ਇਸ ਦੌਰਾਨ ਡਿਪਟੀ ਸਪੀਕਰ ‘ਤੇ ਰੂਲ ਬੁੱਕ ਸੁੱਟੀ ਗਈ ਤੇ ਮਾਈਕ ਨੂੰ ਵੀ ਤੋੜ ਦਿੱਤਾ ਗਿਆ।