ਖੇਤੀ ਬਿੱਲ ਰਾਜ ਸਭਾ 'ਚ ਪਾਸ ਹੋਣ ਬਾਅਦ PM ਮੋਦੀ ਨੇ ਕਿਸਾਨਾਂ ਨੂੰ 'ਸੱਭ ਚੰਗਾ' ਦਾ ਦਿਵਾਇਆ ਭਰੋਸਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਰੋਧੀ ਧਿਰਾਂ ਸਮੇਤ ਕਿਸਾਨ ਜਥੇਬੰਦੀਆਂ ਸਰਕਾਰ ਦੇ ਧਰਵਾਸੇ ਮੰਨਣ ਤੋਂ ਇਨਕਾਰੀ

PM Narendra Modi

ਚੰਡੀਗੜ੍ਹ : ਖੇਤੀ ਬਿੱਲ ਰਾਜ ਸਭਾ 'ਚ ਵੀ ਪਾਸ ਹੋਣ ਬਾਅਦ ਕਿਸਾਨਾਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਪਹੁੰਚ ਚੁੱਕਾ ਹੈ।  ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਜ਼ਰੀਏ ਕਿਸਾਨਾਂ ਨੂੰ ਦਿਲਾਸਾ ਦਿੰਦਿਆਂ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਪ੍ਰਧਾਨ ਮੰਤਰੀ ਨੇ ਟਵੀਟ ਜਾਰੀ ਕਰਦਿਆਂ ਕਿਹਾ ਹੈ ਕਿ ''ਉਹ ਇਕ ਵਾਰ ਫਿਰ ਕਹਿ ਰਹੇ ਹਨ ਕਿ ਐਮ.ਐਸ.ਪੀ. ਵਿਵਸਥਾ ਤੇ ਸਰਕਾਰੀ ਖ਼ਰੀਦ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਜਾਰੀ ਰਹੇਗੀ ਅਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਿਹਤਰ ਜੀਵਨ ਸੁਨਿਸ਼ਚਿਤ ਹੋਵੇਗਾ।''

ਪ੍ਰਧਾਨ ਮੰਤਰੀ ਨੇ ਟਵੀਟ ਜ਼ਰੀਏ ਕਿਸਾਨਾਂ ਨੂੰ ਵਧਾਈ ਦਿੰਦਿਆਂ ਅੱਜ ਦੇ ਦਿਨ ਨੂੰ ਖੇਤੀਬਾੜੀ ਇਤਿਹਾਸ ਵਿਚ ਇਕ ਵੱਡਾ ਦਿਨ ਕਰਾਰ ਦਿਤਾ ਹੈ।  ਪ੍ਰਧਾਨ ਮੰਤਰੀ ਨੇ ਕਿਹਾ ਕਿ ''ਮੈਂ ਅਪਣੇ ਮਿਹਨਤੀ ਅੰਨਦਾਤਿਆਂ ਨੂੰ ਸੰਸਦ ਵਿਚ ਮਹੱਤਵਪੂਰਨ ਬਿੱਲਾਂ ਦੇ ਪਾਸ ਹੋਣ 'ਤੇ ਵਧਾਈ ਦਿੰਦਾ ਹਾਂ। ਇਹ ਨਾ ਸਿਰਫ਼ ਖੇਤੀਬਾੜੀ ਸੈਕਟਰ ਵਿਚ ਇਕ ਮਿਸਾਲੀ ਤਬਦੀਲੀ ਲਿਆਏਗਾ, ਬਲਕਿ ਇਹ ਕਰੋੜਾਂ ਕਿਸਾਨਾਂ ਨੂੰ ਤਾਕਤ ਦੇਵੇਗਾ।''

ਦੂਜੇ ਪਾਸੇ ਵਿਰੋਧੀ ਧਿਰਾਂ ਵਲੋਂ ਖੇਤੀ ਬਿੱਲ ਨੂੰ ਲੈ ਕੇ ਸਰਕਾਰ 'ਤੇ ਤਿੱਖੇ ਹਮਲੇ ਕੀਤੇ ਜਾ ਰਹੇ ਹਨ। ਰਾਜ ਸਭਾ 'ਚ ਬਿੱਲ 'ਤੇ ਬਹਿਸ਼ ਦੌਰਾਨ ਵੀ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਚੌਤਰਫ਼ਾ ਘੇਰਿਆ। ਭਾਜਪਾ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨਰੇਸ਼ ਗੁਜਰਾਲ ਨੇ ਦੋਵਾਂ ਬਿੱਲਾਂ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਸਿਲੈਕਟ ਕਮੇਟੀ ਕੋਲ ਭੇਜਣ ਦੀ ਮੰਗ ਰੱਖੀ।

ਅਕਾਲੀ ਆਗੂ ਨੇ ਕਿਸਾਨਾਂ ਦੇ ਗੁੱਸੇ ਨੂੰ ਚੰਗਿਆੜੀ ਕਰਾਰ ਦਿੰਦਿਆਂ ਸਰਕਾਰ ਨੂੰ ਅੱਗ ਨਾਲ ਨਾ ਖੇਡਣ ਦੀ ਚਿਤਾਵਨੀ ਵੀ ਦਿਤੀ ਹੈ। ਇਸੇ ਤਰ੍ਹਾਂ ਹੋਰ ਆਗੂਆਂ ਨੇ ਅਪਣੇ ਅਪਣੇ ਢੰਗ ਨਾਲ ਸਰਕਾਰ ਨੂੰ ਇਸ ਕਦਮ ਤੋਂ ਪਿੱਛੇ ਹਟਣ ਲਈ ਪ੍ਰੇਰਿਤ ਕਰਨ ਦਾ ਪੂਰਾ ਟਿੱਲ ਲਾਇਆ ਜਾ ਰਿਹਾ ਹੈ ਜਦਕਿ ਸਰਕਾਰ ਹਾਲ ਦੀ ਘੜੀ ਅਪਣੇ ਫ਼ੈਸਲੇ 'ਤੇ ਅਡਿੱਗ ਵਿਖਾਈ ਦੇ ਰਹੀ ਹੈ।

ਪ੍ਰਧਾਨ ਮੰਤਰੀ ਦੇ ਟਵੀਟਾਂ 'ਤੇ ਲੋਕਾਂ ਦੀ ਕਾਫ਼ੀ ਗਰਮ ਪ੍ਰਕਿਰਿਆ ਆ ਰਹੀ ਹੈ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਿਰ ਅਪਣੀ ਉਸੇ ਪੁਰਾਣੀ ਸ਼ੈਲੀ ਦੀ ਵਰਤੋਂ ਕਰਦੇ ਨਜ਼ਰ ਆਏ ਜਿਸ ਨੂੰ ਉਹ ਜੀ.ਐਸ.ਟੀ., ਨੋਟਬੰਦੀ ਅਤੇ ਨਾਗਰਿਕਤਾ ਸੋਧ ਕਾਨੂੰਨ ਵਰਗੇ ਕਾਨੂੰਨ ਪਾਸ ਕਰਨ ਸਮੇਂ ਵਰਤ ਚੁੱਕੇ ਹਨ। ਲੋਕ ਪਿਛਲੇ ਤਜਰਬੇ ਨੂੰ ਵੇਖਦਿਆਂ ਉਨ੍ਹਾਂ ਦੇ ਅਜਿਹੇ ਧਰਵਾਸਿਆਂ 'ਤੇ ਕੰਨ ਧਰਨ ਨੂੰ ਤਿਆਰ ਨਹੀਂ।

ਜੀ.ਐਸ.ਟੀ. ਸਮੇਤ ਨੋਟਬੰਦੀ ਦੇ ਨਫੇ-ਨੁਕਸਾਨਾਂ ਨੂੰ ਲੋਕ ਪਿੰਡੇ ਹੰਢਾਅ ਚੁੱਕੇ ਹਨ। ਅਜਿਹੇ 'ਚ ਪ੍ਰਧਾਨ ਮੰਤਰੀ ਸਮੇਤ ਖੇਤੀ ਮੰਤਰੀ ਵਲੋਂ ਘੱਟੋ ਘੱਟ ਸਮਰਥਨ ਮੁੱਲ ਜਾਰੀ ਰੱਖਣ ਦੇ ਧਰਵਾਸੇ ਕਿਸਾਨਾਂ ਨੂੰ ਕਿੰਨਾ ਕੁ ਪ੍ਰਭਾਵਤ ਕਰਦੇ ਹਨ, ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।